ਮਲੌਦ, 1 ਸਤੰਬਰ (ਸਹਾਰਨ ਮਾਜਰਾ)-ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਦੀ 23ਵੀਂ ਬਰਸੀ ਸਮਾਗਮ ਨੂੰ ਸਮਰਪਿਤ ਜਵੱਦੀ ਟਕਸਾਲ ਵਲੋਂ ਸੰਤ ਅਮੀਰ ਸਿੰਘ ਦੀ ਅਗਵਾਈ ਹੇਠ ਗੁਰਬਾਣੀ ਗਾਇਨ (ਪੜਤਾਲ) ਪ੍ਰਤੀਯੋਗਤਾ ਕਰਵਾਈ ਗਈ | ਜਿਸ ਵਿਚ ਦੇਸ਼ ਭਰ ਦੇ ਸਾਰੇ ਜ਼ਿਲਿ੍ਹਆਂ ਵਿਚੋਂ ਵਿਦਿਆਰਥੀਆਂ ਨੇ ਭਾਗ ਲਿਆ | ਇਸ ਗੁਰਮਤਿ ਸੰਗੀਤ ਸੰਮੇਲਨ ਵਿਚ ਗੁਰਮਤਿ ਸੰਗੀਤ ਅਕੈਡਮੀ ਨਵਾਂ ਪਿੰਡ ਕਿਸ਼ਨਪੁਰਾ ਦੇ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਆਸਾ ਰਾਗ ਵਿੱਚ ਵੱਖੋ ਵੱਖਰੇ ਤਾਲਾਂ ਨਾਲ ਪੜਤਾਲ ਸ਼ੈਲੀ ਵਿਚ ਗਾਇਨ ਪੇਸ਼ ਕਰਕੇ ਇਨ੍ਹਾਂ 13 ਅਕੈਡਮੀਆਂ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਦਾ ਮਾਣ ਪ੍ਰਾਪਤ ਕੀਤਾ | ਅਕਾਲ ਗੁਰਮਤਿ ਸੰਗੀਤ ਅਕੈਡਮੀ ਨਵਾਂ ਪਿੰਡ ਕਿਸ਼ਨਪੁਰਾ ਦੇ ਚੇਅਰਮੈਨ ਮੁੱਖ ਸੰਚਾਲਕ ਗਿਆਨੀ ਸੋਹਣ ਸਿੰਘ ਨੇ ਉਕਤ ਜਾਣਕਾਰੀ ਦਿੱਤੀ | ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਵਲੋਂ ਸਿੱਖੀ ਦੀ ਮਹਿਕ ਵੰਡ ਰਹੀ ਸੰਗੀਤ ਅਕੈਡਮੀ ਦੇ ਉਸਤਾਦ ਗਿਆਨੀ ਸੋਹਣ ਸਿੰਘ ਅਤੇ ਜੇਤੂ ਬੱਚਿਆਂ ਦਾ 31 ਹਜ਼ਾਰ ਰੁਪਏ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਗੁ: ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ, ਕੈਸ਼ੀਅਰ ਗੁਰਬਖਸ਼ ਸਿੰਘ, ਹੈੱਡ ਗ੍ਰੰਥੀ ਭਾਈ ਜਰਨੈਲ ਸਿੰਘ, ਭਾਈ ਹਰਕਰਨ ਸਿੰਘ ਪਿੰਕਾ ਸਹਾਰਨ ਮਾਜਰਾ, ਪ੍ਰਧਾਨ ਸੰਜੀਵ ਪੁਰੀ ਮਲੌਦ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਜਸਪਾਲ ਸਿੰਘ, ਸਰਪੰਚ ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਬੇਦੀ, ਜਥੇਦਾਰ ਪਰਮਜੀਤ ਸਿੰਘ, ਮਨਦੀਪ ਸਿੰਘ ਉਖਕੀ, ਗੁਰਪ੍ਰੀਤ ਸਿੰਘ ਚਮੋ, ਹੈਡ ਗ੍ਰੰਥੀ ਬੀਬੀ ਬਲਜੀਤ ਆਦਿ ਸ਼ਖ਼ਸੀਅਤਾਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ |