ਰਾੜਾ ਸਾਹਿਬ, 1 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ 50ਵੀਂ ਸਾਲਾਨਾ ਬਰਸੀ ਦੇ ਸੰਬੰਧ ਵਿਚ ਸੰਪ੍ਰਦਾਇ ਰਾੜਾ ਸਾਹਿਬ ਦੇ ਕੇਂਦਰੀ ਅਸਥਾਨ ਤੋਂ ਕੁਦਰਤ ਦੀ ਕਰੋਪੀ ਹੜ੍ਹਾਂ ਦੀ ਮਾਰ ਝਲਦੇ ਇਲਾਕਿਆਂ ਵਿਚ ਫਸੇ ਲੋਕਾਂ ਦੀ ਸਹਾਇਤਾ ਵਾਸਤੇ ਅੱਜ ਲੋੜੀਂਦੀਆਂ ਵਸਤਾਂ, ਦਵਾਈਆਂ ਅਤੇ ਹੋਰ ਸੁੱਕੇ ਰਸਦ ਦਾ ਭਰਿਆ ਟਰੱਕ ਰਵਾਨਾ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਜਾਣਕਾਰੀ ਦਿੰਦਿਆਂ ਮੁੱਖ ਸਟੇਜ ਸਕੱਤਰ ਰਣਧੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਸੰਪ੍ਰਦਾਇ ਰਾੜਾ ਸਾਹਿਬ ਮਾਨਵ ਸੇਵਾ ਦੇ ਹਰ ਲੋੜੀਂਦੇ ਖੇਤਰ 'ਚ ਸੇਵਾ ਵਾਸਤੇ ਆਪਣਾ ਫ਼ਰਜ਼ ਨਿਭਾਉਂਦੀ ਆਈ ਹੈ | ਉਨ੍ਹਾਂ ਦੱਸਿਆ ਕਿ ਸੰਪ੍ਰਦਾਇ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਪਿਛਲੇ ਦਿਨੀਂ ਸੱਚਖੰਡ ਪਿਆਨਾ ਕਰ ਗਏ ਸਨ | ਉਨ੍ਹਾਂ ਦੇ 3 ਸਤੰਬਰ ਨੂੰ ਦਸਹਿਰਾ ਸਮਾਗਮ ਉਪਰੰਤ ਸਮੁੱਚੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਜਿਸ ਵੀ ਇਲਾਕੇ ਵਿਚ, ਜਿੱਥੇ ਵੀ, ਜਿਸ ਵੀ ਕਿਸਮ ਦੀ ਲੋੜ ਹੋਵੇਗੀ, ਰਾੜਾ ਸਾਹਿਬ ਸੰਪ੍ਰਦਾਇ ਵੱਲੋਂ ਵੱਡੀ ਪੱਧਰ ਤੇ ਲੋੜੀਂਦੀਆਂ ਵਸਤਾਂ, ਰਸਦ, ਦਵਾਈਆਂ ਆਦਿ ਰਾਹਤ ਸਮਗਰੀ ਦੇ ਰੂਪ 'ਚ ਭੇਜੀ ਜਾਵੇਗੀ |