ਮਲੌਦ, 1 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਇੱਕ ਪਾਸੇ ਤਾਂ ਸਾਡਾ ਪੰਜਾਬ ਕੁਦਰਤ ਦੀ ਮਾਰ ਹੇਠ ਹੜ੍ਹਾਂ ਕਾਰਨ ਇਸ ਅÏਖੀ ਘੜੀ ਵਿਚੋਂ ਲੰਘ ਰਿਹਾ, ਜਿਸ ਕਾਰਨ ਅੱਜ ਹਰ ਇੱਕ ਪੰਜਾਬੀ ਦਾ ਦਿਲ ਵਲੂੰਧਰ ਰਿਹਾ | ਅਜਿਹੇ ਸਮੇਂ ਪੰਜਾਬ ਸਰਕਾਰ ਵਾਰ-ਵਾਰ ਕੇਂਦਰ ਦੀ ਭਾਜਪਾ ਸਰਕਾਰ ਅੱਗੇ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਲਈ ਗੁਹਾਰ ਲਗਾ ਰਹੀ ਹੈ | ਪ੍ਰੰਤੂ ਪ੍ਰਧਾਨ ਮੰਤਰੀ ਸਾਡੇ ਦੇਸ਼ ਦੀ ਮਹਾਨ ਕੌਮ ਦੀ ਆਵਾਜ਼ ਨੂੰ ਨਜ਼ਰ ਅੰਦਾਜ਼ ਕਰਦਿਆਂ ਅਫ਼ਗ਼ਾਨਿਸਤਾਨ ਵਿਚ ਆਏ ਭੁਚਾਲ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ -2 ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਨੇ ਕਰਦਿਆਂ ਕਿਹਾ ਕਿ ਪੰਜਾਬ ਵਾਸੀ ਇਸ ਗੱਲ ਨੂੰ ਨਾ ਭੁੱਲਣ ਕਿ 11 ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਦੇਸ਼ ਦੀ ਹੁਕਮਰਾਨ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ 25 ਲੱਖ ਕਰੋੜ ਰੁਪਏ ਕਰਜ਼ਾ ਮੁਆਫ਼ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦਾ 60 ਹਜ਼ਾਰ ਕਰੋੜ ਰੁਪਏ ਫ਼ੰਡ ਦੇਣ ਦੇ ਨਾਲ ਨਾਲ ਹੜ੍ਹਾਂ ਨਾਲ ਨਜਿੱਠਣ ਲਈ ਸਗੋਂ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵੀ ਭਾਰਤ ਦੇਸ ਦਾ ਹਿੱਸਾ ਹੈ ਜਿਸ ਨੇ ਦੇਸ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ | ਪਰ ਕੇਂਦਰ ਸਰਕਾਰ ਨੂੰ ਮਤਰੇਈ ਮਾਂ ਵਾਲਾ ਸਲੂਕ ਛੱਡਣਾ ਚਾਹੀਦਾ |