ਮਾਛੀਵਾੜਾ ਸਾਹਿਬ, 2 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਇੱਥੋਂ ਕੱੁਝ ਦੂਰੀ 'ਤੇ ਪੈਂਦੇ ਸਤਲੁਜ ਦਰਿਆ ਕਿਨਾਰੇ ਵੱਸਦੇ ਪਿੰਡ ਧੁੱਲੇਵਾਲ ਦੇ ਧੁੱਸੀ ਬੰਨ੍ਹ ਦਾ ਅੱਜ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਡਾ. ਜੋਤੀ ਯਾਦਵ ਵਲੋਂ ਜਾਇਜ਼ਾ ਲਿਆ ਗਿਆ | ਉਨ੍ਹਾਂ ਪਿੰਡਾਂ ਦੀਆਂ ਅÏਰਤਾਂ ਨਾਲ ਮਿਲ ਕੇ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਤਲੁਜ ਦਰਿਆ ਕਿਨਾਰੇ ਵੱਸਦੇ ਪਿੰਡਾਂ ਦੇ ਲੋਕਾਂ ਦੀ ਜਾਨ, ਮਾਲ ਰੱਖਿਆ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਹਨ | ਐਸ. ਐਸ. ਪੀ. ਡਾ. ਜੋਤੀ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹੈ, ਜਿਸ ਕਾਰਨ ਲੋਕਾਂ ਨੂੰ ਅਫ਼ਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ | ਉਨ੍ਹਾਂ ਕਿਹਾ ਕਿ ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਕੁੱਝ ਘਟਿਆ ਹੈ ਜਿਸ ਕਾਰਨ ਜਿੱਥੋਂ ਜ਼ਮੀਨ ਨੂੰ ਖੋਰਾ ਲੱਗਾ ਹੈ, ਉੱਥੇ ਰਾਹਤ ਕਾਰਜ ਜਾਰੀ ਹਨ | ਦੋ ਦਿਨਾਂ ਤੋਂ ਪਏ ਮੀਂਹ ਕਾਰਨ ਪਾਣੀ ਦਾ ਪੱਧਰ ਸਤਲੁਜ ਦਰਿਆ 'ਚ 1.25 ਲੱਖ ਕਿਊਸਿਕ 'ਤੇ ਪੁੱਜ ਚੁੱਕਾ ਸੀ ਜੋ ਕਿ ਹੁਣ ਘਟ ਕੇ 70 ਹਜ਼ਾਰ ਕਿਊਸਿਕ ਰਹਿ ਗਿਆ ਹੈ | ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਕਾਰਨ ਕਿਨਾਰੇ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਕੱੁਝ ਰਾਹਤ ਦਿਖਾਈ ਦਿੱਤੀ |