ਹੰਬੜਾਂ, 2 ਸਤੰਬਰ (ਮੇਜਰ ਹੰਬੜਾਂ)-ਲਗਾਤਾਰ ਪੈ ਰਿਹਾ ਮੀਂਹ ਲੋਕਾਂ 'ਤੇ ਭਾਰੀ ਪੈਣ ਲੱਗਾ ਤੇ ਬੁਹਤੇ ਘਰਾਂ ਦੀਆਂ ਛੱਤਾਂ 'ਚੋਂ ਪਾਣੀ ਚੋਣ ਲੱਗਾ ਹੈ, ਜਿਸ ਨਾਲ ਤਰਪਾਲਾਂ ਖ਼ਰੀਦਣ ਵਾਲੇ ਲੋਕਾਂ ਦੀ ਦੁਕਾਨਾਂ 'ਤੇ ਭੀੜ ਲੱਗੀ ਦਿਖਾਈ ਦੇ ਰਹੀ ਹੈ | ਦੂਸਰੇ ਪਾਸੇ ਪ੍ਰਸ਼ਾਸਨ ਅਵੇਸਲਾ ਦਿਖਾਈ ਦੇ ਰਿਹਾ ਹੈ ਤੇ ਮੀਂਹ ਤੋਂ ਲੋਕ ਪ੍ਰੇਸ਼ਾਨ ਹਨ ਕਿਉਂਕਿ ਪ੍ਰਸ਼ਾਸਨ ਜਾਂ ਪੰਚਾਇਤਾਂ ਵਲੋਂ ਲੋੜਵੰਦ ਲੋਕਾਂ ਨੂੰ ਤਰਪਾਲਾਂ ਤੱਕ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਹਨ, ਜਿਸ ਕਾਰਨ ਲੋਕਾਂ ਨੂੰ ਵਰ੍ਹਦੇ ਮੀਂਹ 'ਚ ਘਰਾਂ 'ਚ ਛੱਤਾਂ ਦੇ ਚੋਣ ਕਰਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕ ਮੀਂਹ ਦੇ ਕਹਿਰ ਤੋਂ ਡਾਢੇ ਪ੍ਰੇਸ਼ਾਨ ਹਨ | ਕਸਬਾ ਹੰਬੜਾਂ ਵਿਖੇ ਦੁਕਾਨਦਾਰ ਵਿੱਕੀ ਸਾਹਨੀ, ਪਵਨ ਗੁਪਤਾ ਨੇ ਦੱਸਿਆ ਕਿ ਹੁਣ ਤੱਕ ਤਰਪਾਲਾਂ ਦੇ ਟਰੱਕ ਤੋਂ ਉੱਪਰ ਲੱਗ ਚੁੱਕਾ ਹੈ ਤੇ ਲਗਦਾ ਹੈ ਕਿ ਮੀਂਹ ਦੀ ਮਾਰ ਤੋਂ ਕੋਈ ਵੀ ਬਚ ਨਹੀਂ ਸਕਿਆ, ਚਾਹੇ ਉਸ ਦਾ ਘਰ ਕੱਚਾ ਹੈ, ਚਾਹੇ ਪੱਕਾ ਹੋਵੇ ਹਰ ਘਰ ਦੀ ਛੱਤਾਂ 'ਚੋਂ ਪਾਣੀ ਵਰਸ ਰਿਹਾ ਹੈ | ਦੂਸਰੇ ਪਾਸੇ ਲੋਕਾਂ ਨੂੰ ਸਤਲੁਜ ਦਰਿਆ ਦੇ ਨਾਲ ਨੇੜੇ ਤੋਂ ਲੰਘਦੇ ਬੁੱਢੇ ਨਾਲੇ 'ਚ ਪਾਣੀ ਦਾ ਪੱਧਰ ਵਧਣ ਨਾਲ ਚਿੰਤਾ ਸਤਾਅ ਰਹੀ ਹੈ ਤੇ ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ |