ਅਹਿਮਦਗੜ੍ਹ, 4 ਸਤੰਬਰ (ਰਵਿੰਦਰ ਪੁਰੀ)-ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਇਸ ਵਾਰ ਪੰਜਾਬ ਅੰਦਰ ਹੋ ਰਹੀ ਭਾਰੀ ਬਰਸਾਤ ਕਾਰਨ ਪ੍ਰਭਾਵਿਤ ਰਹੇਗਾ | ਪੰਜ ਦਿਨਾਂ ਇਹ ਮੇਲਾ 5 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ | ਜਿਥੇ ਪੰਜਾਬ ਭਰ 'ਚੋਂ ਲੱਖਾਂ ਲੋਕ ਗੁੱਗਾ ਮਾੜੀ ਮੰਦਰ ਵਿਖੇ ਨਤਮਸਤਕ ਹੁੰਦੇ ਹਨ ਅਤੇ ਨਾਲ ਹੀ ਹਰ ਵਰਗ ਦੇ ਲੋਕ ਮੇਲੇ ਦਾ ਆਨੰਦ ਮਾਣਦੇ ਹਨ | ਮੇਲੇ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦੀਆਂ ਰਾਜਸੀ ਕਾਨਫ਼ਰੰਸਾਂ ਭਾਵੇਂ ਪਹਿਲਾਂ ਹੀ ਬਰਸਾਤ ਤੇ ਹੜ੍ਹਾਂ ਕਾਰਨ ਰੱਦ ਕਰ ਦਿੱਤੀਆਂ ਗਈਆਂ, ਪਰ ਇਸ ਵਾਰ ਵੱਡੇ ਪੱਧਰ 'ਤੇ ਦੇਸ਼ ਭਰ 'ਚੋਂ ਇਥੇ ਲਗਾਏ ਗਏ ਝੂਲੇ, ਜਾਦੂ ਤਮਾਸ਼ਿਆਂ ਦੇ ਸ਼ੋਅ ਅਤੇ ਵੱਡੀ ਤਦਾਦ ਵਿਚ ਹਰ ਤਰ੍ਹਾਂ ਦੀਆਂ ਦੁਕਾਨਾਂ ਸਥਾਪਿਤ ਹੋ ਜਾਣ ਬਾਅਦ ਮੇਲੇ ਦੀ ਸ਼ਾਨੋ-ਸੌਕਤ ਪਹਿਲਾ ਨਾਲੋਂ ਵੀ ਵਧੇਰੇ ਹੈ | ਜੇਕਰ ਮੌਸਮ ਠੀਕ ਰਿਹਾ ਤਾਂ ਮੇਲੇ 'ਚ ਰੌਣਕ ਰਿਕਾਡਰ ਮਾਤ ਹੋਵੇਗੀ | ਗੁੱਗਾ ਮਾੜੀ ਮੰਦਿਰ ਇਸ ਵਾਰ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ ਜਿਥੇ ਮੰਦਿਰ ਦੇ ਮੁੱਖ ਪ੍ਰਬੰਧਕ ਹੈਪੀ ਬਾਬਾ ਛਪਾਰ ਵਾਲਿਆਂ ਦੀ ਦੇਖ-ਰੇਖ ਹੇਠਾਂ ਥਾਂ-ਥਾਂ 'ਤੇ ਵਿਸ਼ਾਲ ਲੰਗਰ ਚਲਾਏ ਜਾ ਰਹੇ ਹਨ ਤੇ ਨਾਲ ਹੀ ਪੁਲਿਸ ਤੇ ਪ੍ਰਸ਼ਾਸਨ ਵਲੋਂ ਵੀ ਹਰ ਤਰ੍ਹਾਂ ਦੇ ਇੰਤਜਾਮ ਕੀਤੇ ਗਏ ਹਨ |