ਖੰਨਾ, 6 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ 'ਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਹਿਕ ਕਾਪੀ-ਰਾਈਟ ਫ਼ਰਮ ਦੀ ਟੀਮ ਨੇ ਪੁਲਿਸ ਨਾਲ ਮਿਲ ਕੇ ਇੱਕ ਵੱਡੇ ਥੋਕ ਕਰਿਆਨਾ ਵਿਕਰੇਤਾ ਦੀ ਦੁਕਾਨ 'ਤੇ ਛਾਪਾ ਮਾਰਿਆ | ਅਚਾਨਕ ਕੀਤੀ ਗਈ ਕਾਰਵਾਈ ਦੌਰਾਨ ਦੁਕਾਨ ਤੋਂ ਲੱਖਾਂ ਰੁਪਏ ਦਾ ਸਾਮਾਨ ਜ਼ਬਤ ਕਰ ਲਿਆ ਗਿਆ ਅਤੇ ਇਸ ਨੰੂ ਨਕਲੀ ਐਲਾਨ ਦਿੱਤਾ ਗਿਆ | ਇਸ ਤੋਂ ਬਾਅਦ ਸਥਿਤੀ ਵਿਗੜ ਗਈ, ਪੁਲਿਸ ਅਤੇ ਦੁਕਾਨਦਾਰ ਵਿਚਕਾਰ ਗਰਮਾ-ਗਰਮ ਬਹਿਸ ਹੋ ਗਈ | ਇਸ ਮੌਕੇ ਮੰਤਰੀ ਦੇ ਓ. ਐਸ. ਡੀ. ਕਰੁਨ ਅਰੋੜਾ ਪੁੱਜੇ |
ਕਾਰਵਾਈ ਡਕੈਤੀ ਵਰਗੀ ਲੱਗ ਰਹੀ ਸੀ- ਕਾਰੋਬਾਰੀ ਨਿਤਿਨ ਗਰਗ ਦਾ ਦੋਸ਼
ਕਰਿਆਨੇ ਦੇ ਕਾਰੋਬਾਰੀ ਨਿਤਿਨ ਗਰਗ ਨੇ ਕਿਹਾ ਕਿ ਜਿਸ ਸਮੇਂ ਇਹ ਕਾਰਵਾਈ ਕੀਤੀ ਗਈ, ਉਸ ਸਮੇਂ ਉਹ ਬੈਂਕ ਗਿਆ ਹੋਇਆ ਸੀ | ਉਸ ਨੰੂ ਤੁਰੰਤ ਦੁਕਾਨ 'ਤੇ ਵਾਪਸ ਆਉਣ ਲਈ ਫ਼ੋਨ ਆਇਆ | ਜਦੋਂ ਉਹ ਦੁਕਾਨ 'ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਪੁਲਿਸ ਅਤੇ ਕੁੱਝ ਹੋਰ ਲੋਕ ਦੁਕਾਨ ਵਿਚ ਸਾਮਾਨ ਚੁੱਕ ਰਹੇ ਸਨ | ਨਿਤਿਨ ਗਰਗ ਨੇ ਕਿਹਾ ਕਿ ਪੁਲਿਸ ਨੇ ਦੁਕਾਨ ਦਾ ਡੀ. ਵੀ. ਆਰ. (ਕੈਮਰਾ ਰਿਕਾਰਡਿੰਗ ਦਾ ਯੰਤਰ) ਜ਼ਬਰਦਸਤੀ ਆਪਣੇ ਕਬਜ਼ੇ ਵਿਚ ਲੈ ਲਿਆ | ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਸਿਟੀ ਥਾਣਾ ਦੇ ਐਸ. ਐਚ. ਓ. ਵਿਨੋਦ ਕੁਮਾਰ ਨੇ ਉਸ ਨੰੂ ਧਮਕੀ ਦਿੱਤੀ | ਗਰਗ ਨੇ ਕਿਹਾ ਕਿ ਅਸੀਂ ਹਰ ਚੀਜ਼ ਬਿੱਲ 'ਤੇ ਖ਼ਰੀਦਦੇ ਹਾਂ | ਕੋਈ ਵੀ ਸਾਮਾਨ ਨਕਲੀ ਨਹੀਂ ਹੋ ਸਕਦਾ | ਇਹ ਪੂਰੀ ਟੀਮ ਨਕਲੀ ਹੈ, ਜੋ ਸਾਨੂੰ ਬਲੈਕਮੇਲ ਕਰਨ ਆਈ ਸੀ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਡੀ ਦੁਕਾਨ ਵਿਚੋਂ ਸਾਮਾਨ ਚੁੱਕਿਆ ਗਿਆ, ਇਹ ਪੂਰੀ ਤਰ੍ਹਾਂ ਡਕੈਤੀ ਵਰਗਾ ਲੱਗਦਾ ਸੀ |
ਮੰਤਰੀ ਦੇ ਓ. ਐਸ. ਡੀ. ਕਰੁਣ ਅਰੋੜਾ ਨਾਲ ਬਹਿਸਬਾਜ਼ੀ
ਹੰਗਾਮੇ ਦੀ ਖ਼ਬਰ ਮਿਲਦੇ ਹੀ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਓ. ਐਸ. ਡੀ. ਕਰੁਣ ਅਰੋੜਾ ਮੌਕੇ 'ਤੇ ਪਹੁੰਚ ਗਏ | ਉਨ੍ਹਾਂ ਦੀ ਉੱਥੇ ਮੌਜੂਦ ਸਬ ਇੰਸਪੈਕਟਰ ਸੰਜਮ ਪ੍ਰਤਾਪ ਸਿੰਘ ਢਿੱਲੋਂ ਨਾਲ ਤਿੱਖੀ ਬਹਿਸ ਹੋ ਗਈ ਅਤੇ ਦੋਸ਼ ਲਗਾਇਆ ਕਿ ਪੁਲਿਸ ਅਤੇ ਅਖੌਤੀ ਕਾਪੀ-ਰਾਈਟ ਟੀਮ ਦੁਕਾਨਦਾਰ ਨੂੰ ਲੁੱਟਣ ਲਈ ਇਕੱਠੇ ਹੋਏ ਹਨ | ਕਰੁਣ ਅਰੋੜਾ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਸ਼ਹਿਰ ਵਿਚ ਅਜਿਹੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਅਰੋੜਾ ਨੇ ਇਹ ਮਾਮਲਾ ਐਸ. ਐਸ. ਪੀ. ਦੇ ਧਿਆਨ ਵਿਚ ਲਿਆਂਦਾ ਤਾਂ ਡੀ.ਐਸ.ਪੀ. ਅੰਮਿ੍ਤਪਾਲ ਸਿੰਘ ਭਾਟੀ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ |
ਖੰਨਾ 'ਚ ਕਰਿਆਨੇ ਦੀ ਥੋਕ ਦੁਕਾਨ 'ਤੇ ਛਾਪੇ ਦੌਰਾਨ ਹੰਗਾਮਾ
ਅਜੀਤ ਡੈਸਕ
07-09-2025