ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਉੱਭੀ ਦੀ ਅਗਵਾਈ ਹੇਠ ਸਥਾਨਕ ਸਰਕਾਰ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ 15 ਦਿਨਾਂ ਦੇ ਸਵੱਛਤਾ ਪੰਦ੍ਹਰਵਾੜੇ ਅਧੀਨ ਅੱਜ ਰਘਬੀਰ ਸਿੰਘ ਫਰੀਡਮ ਫਾਈਟਰ ਹਾਈ ਸਕੂਲ ਵਿਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸੀ. ਐਫ. ਨਵਰੀਤ ਕੌਰ ਅਤੇ ਸੀ. ਐਫ. ਮਨਿੰਦਰ ਸਿੰਘ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਵੱਛਤਾ ਦੀ ਸਹੁੰ ਦਿਵਾਈ ਗਈ | ਵਿਦਿਆਰਥੀਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਦੀ ਵੱਖਰਾ ਵੱਖਰਾ ਕਰਨ ਦੀ ਮਹੱਤਤਾ, ਪਲਾਸਟਿਕ ਦੇ ਹਾਨੀਕਾਰਕ ਪ੍ਰਭਾਵ ਅਤੇ ਸਿੰਗਲ ਯੂਜ਼ ਪਲਾਸਟਿਕ ਦੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵੈਸਟ ਮੈਨੇਜਮੈਂਟ ਕੰਪਨੀ ਦੇ ਪਾਇਲਟ ਪ੍ਰੋਜੈਕਟ ਦਾ ਵਿਜ਼ਟ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਕੂੜੇ ਦੇ ਵਿਗਿਆਨਕ ਪ੍ਰਬੰਧਨ ਅਤੇ ਨਿਪਟਾਰੇ ਦੇ ਤਰੀਕਿਆਂ ਬਾਰੇ ਪੈ੍ਰਕਟੀਕਲ ਜਾਣਕਾਰੀ ਪ੍ਰਦਾਨ ਕੀਤੀ ਗਈ | ਪਲਾਂਟ ਵਿਚ ਚੱਲ ਰਹੇ ਆਧੁਨਿਕ ਵੈਸਟ ਪ੍ਰਬੰਧਨ ਪ੍ਰਕਿਰਿਆਵਾਂ ਨਾਲ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ | ਇਸ ਸਮਾਗਮ ਵਿਚ ਨਗਰ ਕੌਂਸਲ ਖੰਨਾ ਦੇ ਪੈਸਕੋ ਸੁਪਰਵਾਈਜ਼ਰ ਹਰਬੰਤ ਸਿੰਘ ਅਤੇ ਪਰਮੋਦ ਚੌਧਰੀ ਕੰਪਨੀ ਦੇ ਸੁਪਰਵਾਈਜਰ, ਸਕੂਲ ਦੇ ਪਿ੍ੰਸੀਪਲ ਬਲਵਿੰਦਰ ਸਿੰਘ, ਅਮਨਦੀਪ ਕੌਰ, ਸੰਦੀਪ ਕੌਰ, ਇੰਦਰਜੀਤ ਕੌਰ ਅਤੇ ਸ਼ਕਤੀ ਮੈਨਰੋ ਵੀ ਹਾਜ਼ਰ ਰਹੇ |