• ਦਿਨ-ਦਿਹਾੜੇ ਰੇਤੇ ਨਾਲ ਭਰੀਆਂ ਟਰਾਲੀਆਂ ਤੇ ਟਿੱਪਰਾਂ ਦੀ ਆਵਾਜਾਈ ਜਾਰੀ • ਪ੍ਰਸ਼ਾਸਨ ਦੀ ਚੁੱਪ ਪਹਿਲਾਂ ਵਾਂਗ ਬਰਕਰਾਰ
ਮਾਛੀਵਾੜਾ ਸਾਹਿਬ, 19 ਅਕਤੂਬਰ (ਮਨੋਜ ਕੁਮਾਰ)-ਅਜੇ ਪੰਜਾਬ 'ਚ ਹੜ੍ਹਾਂ ਦੇ ਜ਼ਖ਼ਮ ਪੂਰੀ ਤਰ੍ਹਾਂ ਸੁੱਕੇ ਵੀ ਨਹੀਂ ਕਿ ਦਰਿਆ ਕਿਨਾਰਿਆਂ ਨੂੰ ਰੇਤ ਮਾਫ਼ੀਆ ਨੇ ਫਿਰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ ¢ ਮਾਛੀਵਾੜਾ ਦੇ ਆਸ ਪਾਸ ਪਿੰਡਾਂ ਦੇ ਲੋਕ ਭਲੀ ਭਾਂਤੀ ਜਾਣਦੇ ਹਨ ਕਿ ਕਿਸ ਤਰ੍ਹਾਂ ਸਤਲੁਜ ਦਰਿਆ ਕਿਨਾਰੇ ਡੂੰਘੇ ਪਾੜ ਪਏ ਤੇ ਇਸ ਪਾੜ ਨੂੰ ਭਰਨ ਲਈ ਕਿੰਨਾ ਜੱਦੋਜਹਿਦ ਹੋਇਆ ¢ ਪਰ ਅੱਜ ਫਿਰ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਰੇਤ ਮਾਫ਼ੀਆ ਸਤਲੁਜ ਦਰਿਆ ਦੇ ਇੱਕ ਹਿੱਸੇ 'ਚ ਚਿੱਟੇ ਰੇਤੇ ਦੇ ਬੇਹੱਦ ਕਾਲੇ ਕਾਰਨਾਮੇ ਨੂੰ ਬਿਨਾਂ ਕਿਸੇ ਡਰ ਤੋਂ ਅੰਜ਼ਾਮ ਦੇ ਰਿਹਾ ਹੈ¢ ਕੁੱਝ ਪੱਤਰਕਾਰਾਂ ਨੇ ਜਦੋਂ ਸਤਲੁਜ ਪੁਲ ਦੇ ਰਾਹੋਂ ਵਾਲੇ ਪਾਸੇ ਕੱਚੇ ਰਾਹਾਂ ਦੇ ਕਈ ਕਿੱਲੋਮੀਟਰ ਦੀ ਮਿੱਟੀ ਫੱਕਣ ਤੋਂ ਬਾਅਦ ਮੌਕਾ ਦੇਖਿਆ ਤਾਂ ਦਰਿਆ ਦਾ ਇਹ ਹਿੱਸਾ ਬੈਰਸਾਲ ਤੇ ਹਾਦੀਵਾਲ ਪਿੰਡ ਦੇ ਸਾਹਮਣੇ ਆਇਆ | ਜਿੱਥੇ ਰੇਤੇ ਦੇ ਕਈ ਵੱਡੇ ਵੱਡੇ ਢੇਰ ਲੱਗੇ ਹੋਏ ਸਨ ਤੇ ਉੱਥੇ ਸਾਈਡ 'ਤੇ ਪੋਕ ਲੇਨ ਮਸ਼ੀਨਾਂ ਦੀ ਮੌਜੂਦਗੀ ਰੇਤੇ ਦੇ ਇਸ ਨਾਜਾਇਜ਼ ਧੰਦੇ ਨੂੰ ਹੋਰ ਪੱਕਾ ਕਰ ਰਹੀ ਸੀ ¢ ਅਸਲ ਵਿਚ ਇਹ ਸਾਰੀ ਕਾਰਵਾਈ ਸਵੇਰੇ ਤੜਕਸਾਰ ਮਾਫ਼ੀਆ ਦੇ ਲੋਕ ਮਸ਼ੀਨਾਂ ਨਾਲ ਰੇਤ ਦੇ ਵੱਡੇ ਵੱਡੇ ਢੇਰ ਲਗਾ ਦਿੰਦੇ ਹਨ ਤੇ ਰਾਤ ਹੁੰਦਿਆਂ ਹੀ ਰੇਤ ਭਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ | ਫਿਰ ਬੇਪ੍ਰਵਾਹ ਟਰਾਲੀਆਂ ਤੇ ਟਿੱਪਰਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਤੇ ਇਹ ਰੇਤੇ ਨਾਲ ਭਰੇ ਵਾਹਨ ਇਸੇ ਪੁਲ ਤੋਂ ਲੰਘ ਕੇ ਆਪਣੀ ਆਪਣੀ ਮੰਜ਼ਿਲ 'ਤੇ ਪਹੁੰਚਦੇ ਹਨ | ਇਨ੍ਹਾਂ 'ਚੋਂ ਬਹੁਤਿਆਂ ਦਾ ਲਾਂਘਾ ਮਾਛੀਵਾੜਾ 'ਚੋਂ ਹੋ ਕੇ ਜਾਂਦਾ ਤੇ ਕਈ ਵਾਰ ਤਾਂ ਇਨ੍ਹਾਂ ਟਰਾਲੀਆਂ ਤੇ ਟਿੱਪਰਾਂ ਦੀ ਲਾਈਨ ਹੀ ਨਹੀਂ ਟੁੱਟਦੀ | ਹਾਲਾਂਕਿ ਸਰਕਾਰ ਦੇ ਆਦੇਸ਼ਾਂ ਵਿਚ ਸਤਲੁਜ ਦਰਿਆ ਤਾਂ ਕੀ, ਦੂਰ ਦੂਰ ਤੱਕ ਕਾਨੰੂਨੀ ਤੌਰ 'ਤੇ ਰੇਤੇ ਦੀ ਕੋਈ ਵੀ ਖੱਡ ਚਲਾਉਣ ਦੀ ਸਰਕਾਰੀ ਆਗਿਆ ਨਹੀਂ ¢ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਮਾਮਲੇ ਪ੍ਰਤੀ ਗੰਭੀਰ ਹੋ ਕੇ ਠੋਸ ਕਾਰਵਾਈ ਕਰੇ ¢ ਜਦੋਂ ਇਸ ਸੰਬੰਧੀ ਨਵਾਂ ਸ਼ਹਿਰ ਦੇ ਡੀ. ਐੱਸ. ਪੀ. ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੀ ਗੱਲਬਾਤ ਵਿਚ ਕੁੱਝ ਖ਼ਾਸ ਨਜ਼ਰ ਨਹੀਂ ਆਇਆ ਤੇ ਉਨ੍ਹਾਂ ਇਹੀ ਕਿਹਾ ਕਿ ਇਸ ਰੇਤ ਦੀ ਖੱਡ ਬਾਰੇ ਨਹੀਂ ਪਤਾ | ਜੇਕਰ ਕੋਈ ਦਰਿਆ ਵਿਚ ਨਜਾਇਜ਼ ਮਾਈਨਿੰਗ ਕਰਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ¢ ਨਵਾਂ ਸ਼ਹਿਰ ਦੇ ਐੱਸ. ਡੀ. ਓ. ਸਾਹਿਲ ਪਠਾਨੀਆ ਨਾਲ ਗੱਲਬਾਤ ਕੀਤੀ ਤਾਂ ਉਹ ਵੀ ਸਤਲੁਜ ਦਰਿਆ ਵਿਚ ਹੋ ਰਹੀ ਨਜਾਇਜ਼ ਮਾਈਨਿੰਗ ਤੋਂ ਅਣਜਾਣ ਨਜ਼ਰ ਆਏ ਅਤੇ ਜ਼ਾਂਚ ਕਰਵਾਉਣ ਦੀ ਗੱਲ ਕਹੀ | ਜਦੋਂ ਇਸ ਸੰਬੰਧੀ ਕੂੰਮਕਲਾਂ ਦੇ ਐੱਸ. ਐੱਚ. ਓ. ਅੰਮਿ੍ਤਪਾਲ ਸਿੰਘ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮੈਨੂੰ ਪਹਿਲਾਂ ਵੀ ਇਸ ਸੰਬੰਧੀ ਸੂਚਨਾ ਮਿਲੀ ਸੀ ਤੇ ਮੈਂ ਪਹਿਲਾਂ ਵੀ ਇੱਕ ਦੋ ਵਾਰ ਸਤਲੁਜ ਕੰਢੇ ਆਪਣੀ ਟੀਮ ਨਾਲ ਚੈੱਕ ਕਰਨ ਪਹੰੁਚਿਆ | ਪਰ ਮੈਨੂੰ ਇਸ ਤਰ੍ਹਾਂ ਕੁੱਝ ਨਜ਼ਰ ਹੀ ਨਹੀਂ ਆਇਆ |
ਕੀ ਕਹਿਣਾ ਹੈ ਡੀ. ਐੱਸ. ਪੀ. ਸਮਰਾਲਾ ਦਾ
ਇਸ ਸਾਰੇ ਮਾਮਲੇ 'ਤੇ ਜਦੋਂ ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਮਾਫ਼ੀਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜੇਕਰ ਉਨ੍ਹਾਂ ਦੀ ਹੱਦ ਬੰਦੀ ਵਿਚ ਕੋਈ ਨਾਜਾਇਜ਼ ਰੇਤਾ ਨਿਕਲਦਾ ਜਾਂ ਗੁਜ਼ਰਦਾ ਹੈ ਤਾਂ ਜਲਦ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ¢
ਰੇਤ ਮਾਫ਼ੀਆ ਫਿਰ ਹੋਇਆ ਸਰਗਰਮ
ਅਜੀਤ ਡੈਸਕ
20-10-2025