ਮਾਛੀਵਾੜਾ ਸਾਹਿਬ, 1 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਬੀਤੇ 2 ਦਿਨ ਪਹਿਲਾਂ ਪਾਲਤੂ ਕੁੱਤੇ ਦੀ ਸਕੂਲ ਬੱਸ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ, ਜਿਸ ਕਾਰਨ ਭੜਕੇ ਪਰਿਵਾਰ ਵਾਲਿਆਂ ਨੇ ਬਜ਼ੁਰਗ ਡਰਾਈਵਰ ਦੀ ਜਿੱਥੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਥੇ ਦਸਤਾਰ ਦੀ ਬੇਅਦਬੀ ਵੀ ਕੀਤੀ ¢ ਪੁਲਿਸ ਵਲੋਂ ਇਸ ਮਾਮਲੇ ਸਬੰਧੀ 4 ਵਿਅਕਤੀਆਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ, ਪਰ ਅਜੇ ਤੱਕ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ¢ ਇਸ ਸਬੰਧੀ ਸਿੱਖ ਜਥੇਬੰਦੀਆਂ, ਪਿੰਡ ਭੌਰਲਾ ਬੇਟ ਦੇ ਵਾਸੀ ਅਤੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਮਾਛੀਵਾੜਾ ਥਾਣਾ ਮੁਖੀ ਨੂੰ ਮਿਲੇ, ਜਿਨ੍ਹਾਂ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ¢ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਸੀਨੀਅਰ ਅਕਾਲੀ ਆਗੂ ਹਰਜਤਿੰਦਰ ਸਿੰਘ ਬਾਜਵਾ, ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਸਿੱਖ ਜਥੇਬੰਦੀਆਂ ਦੇ ਆਗੂ ਪਰਵੀਨ ਸਿੰਘ ਖ਼ਾਲਸਾ, ਦੀਪ ਸਿੰਘ ਖ਼ਾਲਸਾ ਅਤੇ ਹੋਰਨਾਂ ਨੇ ਥਾਣਾ ਮੁਖੀ ਹਰਵਿੰਦਰ ਸਿੰਘ ਤੋਂ ਮੰਗ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਬਜ਼ੁਰਗ ਚਾਲਕ ਦੀ ਕੁੱਟਮਾਰ ਕਰ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਹੈ, ਉਨ੍ਹਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ¢ ਆਗੂਆਂ ਨੇ ਕਿਹਾ ਕਿ ਕੁੱਟਮਾਰ ਕਰਨ ਵਾਲਾ ਨੌਜਵਾਨ ਬਾਅਦ ਵਿਚ ਹਸਪਤਾਲ ਦਾਖਲ ਹੋ ਗਿਆ ਜੋ ਕਿ ਝੂਠਾ ਪਰਚਾ ਦਰਜ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ¢ ਥਾਣਾ ਮੁਖੀ ਨੇ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਨੂੰਨ ਅਨੁਸਾਰ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ¢ ਥਾਣਾ ਮੁਖੀ ਨੇ ਕਿਹਾ ਕਿ ਪੀੜਤ ਬਜ਼ੁਰਗ ਚਾਲਕ ਦੀਦਾਰ ਸਿੰਘ ਨੂੰ ਇਨਸਾਫ਼ ਮਿਲੇਗਾ ਅਤੇ ਇਸ ਮਾਮਲੇ ਵਿਚ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ¢