ਰਾਏਕੋਟ, 1 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਨਾਲ ਸਬੰਧਿਤ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਪੰਜਾਬ ਦਾ ਸੂਬਾਈ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸੀਟੂ ਦਾ ਇਨਕਲਾਬੀ ਪ੍ਰਚਮ ਸਾਥੀ ਦਲਜੀਤ ਕੁਮਾਰ ਗੋਰਾ ਨੇ ਲਹਿਰਾਇਆ | ਉਪਰੰਤ ਸੀਟੂ ਦੇ ਸੂਬਾਈ ਆਗੂਆਂ ਸਮੇਤ ਰਾਜ ਭਰ ਵਿਚੋਂ ਆਏ ਹੋਏ ਡੈਲੀਗੇਟਾਂ ਨੇ ਸ਼ਹੀਦੀ ਮੀਨਾਰ ਉੱਤੇ ਫੁੱਲ ਅਰਪਣ ਕੀਤੇ ਅਤੇ ਸ਼ਹੀਦ ਵਿਜੈ ਕੁਮਾਰ ਗੁਰੀਲਾ ਹਾਲ ਵਿਚ ਪ੍ਰਧਾਨ ਦਲਜੀਤ ਕੁਮਾਰ ਗੋਰਾ, ਨਛੱਤਰ ਸਿੰਘ ਗੁਰਦਿੱਤਪੁਰਾ, ਗੁਰਨਾਮ ਸਿੰਘ ਘਨੌਰ, ਹਨੂਮਾਨ ਪ੍ਰਸਾਦਿ ਦੂਬੇ ਦੀ ਪ੍ਰਧਾਨਗੀ ਹੇਠ ਇਜਲਾਸ ਸ਼ੁਰੂ ਕੀਤਾ ਗਿਆ | ਮੰਚ 'ਤੇ ਸੀਟੂ ਦੇ ਆਲ ਇੰਡੀਆ ਸਕੱਤਰ ਭੈਣ ਊਸ਼ਾ ਰਾਣੀ, ਸੂਬਾਈ ਪ੍ਰਧਾਨ ਮਹਾਂ ਸਿੰਘ ਰੌੜੀ, ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ, ਸੂਬਾ ਸਕੱਤਰ ਅਮਰਨਾਥ ਕੂੰਮ ਕਲਾਂ, ਭੈਣ ਸੁਭਾਸ਼ ਰਾਣੀ, ਸ਼ੇਰ ਸਿੰਘ ਫਰਵਾਹੀ, ਮੀਤ ਪ੍ਰਧਾਨ ਸੁਖਮਿੰਦਰ ਲੋਟੇ, ਗੁਰਦੇਵ ਸਿੰਘ ਬਾਗੀ, ਜਤਿੰਦਰ ਪਾਲ ਮੌਜੂਦ ਸਨ | ਵਿਜੇ ਕੁਮਾਰ ਗੁਰੀਲਾ ਨਗਰ ਹਾਲ ਵਿਚ ਖੱਬੀ ਅਤੇ ਜਮਹੂਰੀ ਲਹਿਰ ਦੇ ਆਗੂ ਸੀਤਾ ਰਾਮ ਯੇਚੁਰੀ, ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਾ ਦੇਵ ਭੱਟਾਚਾਰੀਆ, ਕੇਰਲਾ ਦੇ ਸਾਬਕਾ ਮੁੱਖ ਮੰਤਰੀ ਅਛੂਤਾ ਨੰਦਨ, ਸੀਟੂ ਆਗੂ ਸਾਥੀ ਇੰਦਰਜੀਤ ਮੁਕਤਸਰ ਅਤੇ ਵਿਛੜ ਚੁੱਕੇ ਖੱਬੀ ਲਹਿਰ ਦੇ ਆਗੂਆਂ ਨੂੰ ਦੋ ਮਿੰਟ ਮੌਨ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ | ਸੀਟੂ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਇਜਲਾਸ ਦਾ ਰਸਮੀ ਤੌਰ 'ਤੇ ਉਦਘਾਟਨ ਕਰਦਿਆਂ ਕੰਸਟ੍ਰਕਸ਼ਨ ਵੈੱਲਫੇਅਰ ਬੋਰਡ ਵਲੋਂ ਪ੍ਰਦਾਨ ਸਹੂਲਤਾਂ ਨੂੰ ਲਾਗੂ ਕਰਨ ਲਈ ਸਰਕਾਰੀ ਮਸ਼ੀਨਰੀ ਆਨਾਕਾਨੀ ਕਰ ਰਹੀ ਹੈ, ਸੰਸਾਰ ਪੱਧਰ 'ਤੇ ਸਰਮਾਏਦਾਰ ਪੱਖੀ ਸਰਕਾਰਾਂ ਨੇ ਇਨ੍ਹਾਂ ਮਿਹਨਤਕਸ਼ਾਂ ਨੂੰ ਮਿਹਨਤ ਦਾ ਪੂਰਾ ਮੁੱਲ ਨਹੀਂ ਦਿੱਤਾ | ਉਨ੍ਹਾਂ 1996 ਦੇ ਬਣੇ ਕਾਨੂੰਨ ਤਹਿਤ ਉਸਾਰੀ ਮਜ਼ਦੂਰਾਂ ਲਈ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰ ਵੈੱਲਫੇਅਰ ਬੋਰਡ ਵਲੋਂ ਉਸਾਰੀ ਮਜ਼ਦੂਰਾਂ ਦੇ ਬੱਚਿਆਂ ਲਈ ਪੜ੍ਹਾਈ ਲਈ ਵਜੀਫਾ, ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ, ਜਣੇਪੇ ਦਾ ਲਾਭ, ਸੰਸਕਾਰ ਲਈ ਸਹਾਇਤਾ, ਕੁਦਰਤੀ ਮੌਤ ਲਈ 3,20000/- ਰੁਪਏ, ਐਕਸੀਡੈਂਟ ਮੌਤ 'ਤੇ 4,20000/-ਰੁਪਏ, ਬਾਲੜੀ ਤੋਹਫ਼ਾ ਸਕੀਮ ਤਹਿਤ 75000/-ਰੁਪਏ ਆਦਿ ਲਈ ਨਿਰਮਾਣ ਕਾਮਿਆਂ ਨੇ ਸੰਘਰਸ਼ ਕਰਕੇ ਗਿਣਨਯੋਗ ਪ੍ਰਾਪਤੀਆਂ ਕੀਤੀਆਂ ਹਨ | ਉਨ੍ਹਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਮੌਜੂਦਾ ਸਮੇਂ ਵਿਚ ਮਜ਼ਦੂਰ-ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਇਕਜੁੱਟ ਹੋ ਕੇ ਲਾਮਬੰਦੀ ਕਰਕੇ ਸੰਘਰਸ਼ ਦੇ ਪਿੜ ਮੱਲਣ ਦੀ ਅਪੀਲ ਕੀਤੀ | ਸਾਥੀ ਨੈਬ ਸਿੰਘ ਲੋਚਮਾਂ ਨੇ ਪਿਛਲੇ ਦੋ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਜਿਸ 'ਤੇ 14 ਸਾਥੀਆਂ ਨੇ ਉਸਾਰੂ ਚਰਚਾ ਕੀਤੀ ਜੋ ਕੁਝ ਵਾਧਿਆਂ ਸਮੇਤ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕਰ ਦਿੱਤੀ | ਸੀਟੂ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ ਵਲੋਂ 35 ਮੈਂਬਰੀ ਵਰਕਿੰਗ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ, ਜਿਸ ਵਿਚ 21 ਮੈਂਬਰ ਅਹੁਦੇਦਾਰ ਅਤੇ 14 ਮੈਂਬਰੀ ਵਰਕਿੰਗ ਕਮੇਟੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ | ਅੰਤ ਵਿਚ ਕੇਂਦਰੀ ਅਤੇ ਸੂਬਾਈ ਸੀਟੂ ਦੇ ਆਗੂਆਂ ਨੂੰ ਸਵਾਗਤੀ ਕਮੇਟੀ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਾਥੀ ਮਹਾਂ ਸਿੰਘ ਰੌੜੀ ਵਲੋਂ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ |