ਮਾਛੀਵਾੜਾ ਸਾਹਿਬ, 4 ਨਵੰਬਰ (ਰਾਜਦੀਪ ਸਿੰਘ ਅਲਬੇਲਾ) - ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਗੁਰਦੁਆਰਾ ਸ਼ਹੀਦ ਸਿੰਘ ਅੱਡਾ ਬੁੱਲੇਵਾਲ ਨੇੜੇ ਉਧੋਵਾਲ ਦੇ ਸੇਵਾਦਾਰ ਬਾਬਾ ਜਗੀਰ ਸਿੰਘ ਢੋਲਣਵਾਲ ਵਾਲਿਆਂ ਨੇ ਦੱਸਿਆ ਕਿ ਸੰਤ ਸਮਾਗਮ 6 ਤੇ 7 ਨਵੰਬਰ ਨੂੰ 12 ਤੋਂ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ | 8 ਨਵੰਬਰ ਨੂੰ ਅੰਮਿ੍ਤ ਸੰਚਾਰ ਹੋਵੇਗਾ ਤੇ ਨੌਜਵਾਨ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਗੁਰੂ ਵਾਲੇ ਬਣਨ ਅਤੇ 9 ਨਵੰਬਰ ਨੂੰ ਨਗਰ ਕੀਰਤਨ ਸਵੇਰੇ 9 ਵਜੇ ਤੋਂ ਪਿੰਡ ਉਧੋਵਾਲ ਤੋਂ ਸ਼ੁਰੂ ਹੋ ਕੇ ਪੰਜਗਰਾਈਆਂ, ਟਾਂਡਾ ਕੁਸ਼ਲ ਸਿੰਘ, ਝੜੌਦੀ, ਮਾਣੇਵਾਲ, ਸਮਸ਼ਪੁਰ, ਰਹੀਮਾਬਾਦ ਕਲਾਂ ਤੇ ਖੁਰਦ, ਬੁੱਲੇਵਾਲ, ਘੁਮਾਣਾ ਤੋਂ ਹੋ ਕੇ ਗੁਰਦੁਆਰਾ ਸਿੰਘ ਸ਼ਹੀਦ ਵਿਖੇ ਸਮਾਪਤੀ ਹੋਵੇਗੀ | ਉਨਾਂ ਦੱਸਿਆ ਕਿ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸੰਤ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲੇ ਪਹੁੰਚਣਗੇ | ਜੋੜਿਆਂ ਦੀ ਸੇਵਾ ਸ਼੍ਰੋਮਣੀ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਕ ਜੱਥਾ ਰਾਹੋਂ ਵਾਲਿਆਂ ਵਲੋਂ ਕੀਤੀ ਜਾ ਰਹੀ ਹੈ | ਉਨਾਂ ਦੱਸਿਆ ਕਿ ਇਹ ਸਮਾਗਮ ਆਸਪਾਸ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਗੁਰੂ ਕਾ ਲੰਗਰ ਵੀ ਅਤੁੱਟ ਲੰਗਰ ਵਰਤੇਗਾ | ਉਨਾਂ ਸੰਗਤਾਂ ਨੂੰ ਸਮਾਗਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ | ਇਸ ਮੌਕੇ ਹਰਨੇਕ ਸਿੰਘ ਖਾਲਸਾ ਲੁਬਾਣਗੜ, ਸੋਹਣ ਸਿੰਘ ਰਾਹੋਂ, ਮਨਜੀਤ ਸਿੰਘ ਫੌਜੀ ਉਧੋਵਾਲ ਕਲਾਂ ਵੀ ਮੌਜੂਦ ਸਨ |