ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)-ਪਿਛਲੇ ਦਿਨੀਂ ਖੰਨਾ ਮਲੇਰਕੋਟਲਾ ਰੋਡ ਦੀ ਬੀਟ ਈਸੜੂ 'ਚ ਪੈਂਦੇ ਇਲਾਕੇ 'ਚ ਨਾਮਾਲੂਮ ਵਿਅਕਤੀਆਂ ਵੱਲੋਂ ਜੰਗਲਾਤ ਵਿਭਾਗ ਦਾ ਨੁਕਸਾਨ ਕੀਤਾ ਜਾ ਰਿਹਾ ਸੀ | ਜਿਸ ਦੇ ਸਬੰਧੀ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਦਿਨ ਰਾਤ ਕੀਤੀ ਜਾ ਰਹੀ ਮਿਹਨਤ ਨੂੰ ਉਦੋਂ ਬੂਰ ਪਿਆ, ਜਦੋਂ ਨਸਰਾਲੀ ਦੇ ਅੱਡੇ ਦੇ ਕੋਲ ਸੜਕ ਦੇ ਕੰਢੇ ਖੜ੍ਹੇ ਹਰੇ ਭਰੇ ਦਰਖਤਾਂ ਨੂੰ ਇੱਕ ਵਿਅਕਤੀ ਵੱਲੋਂ ਦਿਨ ਦਿਹਾੜੇ ਕੱਟ ਕੇ ਆਪਣੇ ਜੁਗਾੜੂ ਮੋਟਰਸਾਈਕਲ 'ਤੇ ਲੱਦਿਆ ਜਾ ਰਿਹਾ ਸੀ ਤਾਂ ਜੰਗਲਾਤ ਵਿਭਾਗ ਖੰਨਾ ਦੇ ਵਣ ਬਲਾਕ ਅਫ਼ਸਰ ਦਵਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਮੌਕੇ 'ਤੇ ਰੰਗੇ ਹੱਥੀਂ ਦਬੋਚ ਕੇ ਜੁਗਾੜੂ ਮੋਟਰਸਾਈਕਲ ਸਮੇਤ ਵਿਅਕਤੀ ਨੂੰ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ | ਵਣ ਬਲਾਕ ਅਫ਼ਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਤੋਂ ਜਦੋਂ ਉਸਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਦਰੋਗਾ ਰਾਮ ਵਾਸੀ ਪਿੰਡ ਈਸੜੂ ਦੱਸਿਆ | ਦਰੋਗਾ ਰਾਮ ਨੇ ਕਿਹਾ ਉਸਨੇ ਅਣਜਾਣੇ ਵਿੱਚ ਜੰਗਲਾਤ ਦੀ ਲੱਕੜ ਕੱਟ ਕੇ ਭਾਰੀ ਗ਼ਲਤੀ ਕੀਤੀ ਹੈ ਅੱਗੇ ਤੋਂ ਅਜਿਹੀ ਗ਼ਲਤੀ ਨਹੀਂ ਕਰੇਗਾ, ਇਸ ਮਾਮਲੇ ਵਿਚ ਦਰੋਗਾ ਰਾਮ ਨੂੰ 3650 ਰੁਪਏ ਜੁਰਮਾਨਾ ਕੀਤਾ ਗਿਆ |