ਸਮਰਾਲਾ, 6 ਦਸੰਬਰ (ਗੋਪਾਲ ਸੋਫਤ)-ਸਥਾਨਕ ਪੰਚਾਇਤ ਸੰਮਤੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਮਰਾਲਾ ਬਲਾਕ ਦੇ 14 ਜ਼ੋਨਾਂ ਵਿਚ 55 ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਵੇਗਾ | ਕੁੱਲ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਵਾਲੇ 87 ਉਮੀਦਵਾਰਾਂ ਵਿਰੁੱਧ ਲਾਏ ਗਏ 43 ਇਤਰਾਜ਼ਾਂ ਦੀ ਪੜਤਾਲ ਉਪਰੰਤ ਦੇਰ ਰਾਤ ਨੂੰ ਚੋਣ ਲੜਨ ਵਾਲੇ 8 ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਕਰ ਦਿੱਤੇ ਗਏ ਸਨ ਅਤੇ ਅੱਜ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਵਾਪਸ ਲੈਣ ਦੇ ਦਿਨ 24 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈ ਲਏ ਹਨ | ਨਾਮਜ਼ਦਗੀ ਪੇਪਰ ਵਾਪਸ ਲੈਣ ਵਾਲਿਆਂ ਵਿਚ ਜ਼ਿਆਦਾਤਰ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਵਰਿੰਗ ਉਮੀਦਵਾਰ ਹੀ ਸਨ | ਪਰ ਰੱਦ ਕੀਤੀਆਂ 8 ਨਾਮਜ਼ਦਗੀਆਂ ਵਿਚੋਂ 4 ਨਾਮਜ਼ਦਗੀਆਂ ਤਾਂ ਉਟਾਲਾਂ ਜ਼ੋਨ ਤੋਂ ਰੱਦ ਕੀਤੀਆਂ ਗਈਆਂ ਹਨ | ਇਸ ਜ਼ੋਨ ਵਿਚ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋ ਜਾਣ ਕਾਰਨ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਿਨਾਂ ਮੁਕਾਬਲਾ ਚੁਣੀ ਗਈ ਹੈ | ਇਸੇ ਤਰਾਂ ਘੁੰਗਰਾਲੀ ਜ਼ੋਨ ਤੋਂ 1 ਅਤੇ ਸ਼ਮਸ਼ਪੁਰ ਜ਼ੋਨ ਤੋਂ 4 ਇਸਤਰੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋ ਗਈਆਂ ਹਨ | ਪਹਿਲੀ ਵਾਰ ਇਸ ਹਲਕੇ ਵਿਚ ਇਕੱਲੇ ਤੌਰ 'ਤੇ ਚੋਣ ਮੈਦਾਨ ਵਿਚ ਉਤਰੀ ਭਾਰਤੀ ਜਨਤਾ ਪਾਰਟੀ ਵਲੋਂ ਸਮਰਾਲਾ ਤੇ ਮਾਛੀਵਾੜਾ ਬਲਾਕ ਦੇ 31 ਪੇਂਡੂ ਜ਼ੋਨਾਂ ਵਿਚ ਉਮੀਦਵਾਰ ਉਤਾਰ ਕੇ ਰਾਜਸੀ ਹਲਕਿਆਂ ਵਿਚ ਹੈਰਾਨੀ ਪੈਦਾ ਕਰ ਦਿੱਤੀ ਹੈ | ਇਨ੍ਹਾਂ ਚੋਣਾਂ ਵਿਚ ਹੁਣ ਕਾਂਗਰਸ 12, ਅਕਾਲੀ ਦਲ 14 ਅਤੇ ਜਨਤਾ ਪਾਰਟੀ 14 ਜ਼ੋਨਾਂ ਵਿਚ ਚੋਣ ਲੜੇਗੀ | ਕਾਂਗਰਸ ਪਾਰਟੀ ਦੇ ਸਥਾਨਕ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਅਤੇ ਭਾਜਪਾ ਦੇ ਨੌਜਵਾਨ ਆਗੂ ਨਿਸ਼ੂ ਚਹਿਲਾਂ ਨੇ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਖ਼ੁਦ ਚੋਣ ਕਮਾਨ ਸੰਭਾਲ ਲਈ ਹੈ ਅਤੇ ਪਿੰਡ-ਪਿੰਡ ਚੋਣ ਮੁਹਿੰਮ ਚਲਾਉਣ ਤੇ ਉਮੀਦਵਾਰਾਂ ਦੇ ਚੋਣ ਦਫ਼ਤਰਾਂ ਦੇ ਉਦਘਾਟਨ ਕਰਨ ਦਾ ਸਿਲਸਿਲਾ ਅਰੰਭਣ ਲਈ ਅੱਜ ਦਿਨ ਭਰ ਮੀਟਿੰਗਾਂ ਦਾ ਦੌਰ ਚਲਦਾ ਰਿਹਾ |