ਮਲੌਦ, 18 ਦਸੰਬਰ (ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਬਲਾਕ ਸੰਮਤੀ ਚੋਣਾਂ ਵਿੱਚ ਬਲਾਕ ਮਲੌਦ ਤੋਂ ਪਾਰਟੀ ਨੂੰ ਮਿਲੇ ਭਰਵੇਂ ਹੁੰਗਾਰੇ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਦੀ ਪੋਲ ਖੋਲ੍ਹੀ ਹੈ ਉੱਥੇ 2027 ਲਈ ਸ਼ੋ੍ਰਮਣੀ ਅਕਾਲੀ ਦਲ ਦਾ ਰਾਹ ਪੱਧਰਾ ਕੀਤਾ ਹੈ | ਉਨ੍ਹਾਂ ਕਿਹਾ ਕਿ ਦਿਨੋ ਦਿਨ ਲੋਕ ਆਪ ਦੀ ਝੂਠ ਦੀ ਰਾਜਨੀਤੀ ਤੋਂ ਵਾਕਿਫ਼ ਹੋ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਤੋਂ ਪ੍ਰਭਾਵਿਤ ਹੋ ਰਹੇ ਹਨ, ਜਿਸ ਕਾਰਣ ਪਾਰਟੀ ਦਾ ਪੰਜਾਬ ਵਿੱਚ ਮੁੜ ਸੱਤਾ ਵਿੱਚ ਆਉਣਾ ਯਕੀਨੀ ਹੈ | ਸ਼੍ਰੋਅਦ ਦੇ ਸਰਕਲ ਮਲੌਦ ਸ਼ਹਿਰੀ ਦੇ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ ਅਤੇ ਸਰਕਲ ਦਿਹਾਤੀ ਦੇ ਪ੍ਰਧਾਨ ਪਿ੍ਤਪਾਲ ਸਿੰਘ ਝੱਮਟ ਨੇ ਸਮੂਹ ਵੋਟਰਾਂ, ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਰਕਰਾਂ ਦੀ ਮਿਹਨਤ ਰੰਗ ਲਿਆਈ ਹੈ | ਸਰਕਲ ਪ੍ਰਧਾਨ ਪਿ੍ਤਪਾਲ ਸਿੰਘ ਝੱਮਟ ਨੇ ਆਪਣੇ ਪਿੰਡ ਵਾਸੀਆਂ ਦਾ ਵੀ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਜੋ ਕਿ ਹਰ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦੇ ਹਨ ਅਤੇ ਇਸ ਚੋਣ ਵਿਚ ਵੀ ਪਿੰਡ ਤੋਂ ਤਿੰਨ ਤਰਫ਼ਾ ਮੁਕਾਬਲਾ ਹੋਣ ਦੇ ਬਾਵਜੂਦ 116 ਵੋਟਾਂ ਦੀ ਲੀਡ ਨਾਲ ਪਾਰਟੀ ਨੂੰ ਮਜ਼ਬੂਤ ਕੀਤਾ ਹੈ |