ਮਾਛੀਵਾੜਾ ਸਾਹਿਬ, 19 ਦਸੰਬਰ (ਮਨੋਜ ਕੁਮਾਰ)-ਪਿੰਡ ਸ਼ੈਸੋਵਾਲ ਕਲਾ ਵਿੱਚ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਭਰੋਸਾ ਦਿੰਦਿਆਂ ਹਲਕਾ ਵਿਧਾਇਕ ਸਮਰਾਲਾ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਭਵਿੱਖ ਵਿਚ ਇਸ ਇਲਾਕੇ ਵਿਚੋਂ ਕਿਸੇ ਨੂੰ ਵੀ ਨਜਾਇਜ਼ ਮਾਈਨਿੰਗ ਨਹੀਂ ਕਰਨ ਦਿੱਤੀ ਜਾਵੇਗੀ | ਅਸਲ ਵਿਚ ਅੱਜ ਇਸ ਪਿੰਡ ਵਿਚ ਸਤਲੁਜ ਦਰਿਆ ਲਾਗੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂਆਂ ਦੇ ਸੱਦੇ 'ਤੇ ਆਸ ਪਾਸ ਪਿੰਡਾਂ ਦੇ ਸਰਪੰਚਾਂ, ਪੰਚਾਂ ਤੇ ਕਿਸਾਨਾਂ ਦਾ ਇਕੱਠ ਰੱਖਿਆ ਗਿਆ ਸੀ | ਅਸਲ ਵਿਚ ਮਾਈਨਿੰਗ ਵਿਭਾਗ ਵਲੋਂ ਕਿਸੇ ਠੇਕੇਦਾਰ ਨੂੰ ਨਵਾਂਸ਼ਹਿਰ ਇਲਾਕੇ ਵਿਚ ਕਾਨੂੰਨੀ ਤੌਰ 'ਤੇ ਰੇਤ ਦੀ ਖੱਡ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ | ਜਦੋਂ ਕਿ ਉਹ ਠੇਕੇਦਾਰ ਇਸ ਇਲਾਕੇ ਵਿਚ ਕਾਨੂੰਨ ਨੂੰ ਛਿੱਕੇ ਟੰਗ ਕੇ ਮਾਈਨਿੰਗ ਕਰਨਾ ਚਾਹੁੰਦਾ ਹੈ ਤੇ ਇਸ ਸਬੰਧ ਵਿਚ ਕਿਸਾਨ ਆਗੂਆਂ ਨੇ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਅੱਜ ਇਹ ਇਕੱਠ ਰੱਖਿਆ ਗਿਆ | ਹਾਲਾਂਕਿ ਇਸ ਮੌਕੇ ਵੱਖ-ਵੱਖ ਕਿਸਾਨਾਂ ਨੇ ਮਾਈਨਿੰਗ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਤੇ ਵਿਧਾਇਕ ਦਿਆਲਪੁਰਾ ਨੇ ਵੀ ਅਜਿਹੀ ਮਾਈਨਿੰਗ ਨਾ ਹੋਣ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਢਿੱਲੋਂ ਦੀ ਸਮੁੱਚੀ ਟੀਮ ਤੇ ਆਪ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਰਾਠੌਰ ਵੀ ਮੌਜੂਦ ਸਨ |