ਈਸੜੂ, 19 ਦਸੰਬਰ (ਬਲਵਿੰਦਰ ਸਿੰਘ)- ਬਿ੍ਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਿਖੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੌਲੀ, ਚੇਅਰ ਪਰਸਨ ਸਤਿੰਦਰਜੀਤ ਕੌਰ ਜੌਲੀ, ਉਪ ਪ੍ਰਧਾਨ ਨਵੇਰਾ ਜੌਲੀ ਅਤੇ ਪਿ੍ੰਸੀਪਲ ਗਗਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਸਲਾਨਾ ਸਪੋਰਟਸ ਮੀਟ ਕਰਵਾਇਆ ਗਿਆ | ਸਪੋਰਟਸ ਮੀਟ ਵਿੱਚ ਦੌੜਾਂ, ਰਿਲੇਅ ਮੁਕਾਬਲੇ ਅਤੇ ਫੀਲਡ ਗਤੀਵਿਧੀਆਂ ਕਰਵਾਈਆਂ ਗਈਆਂ | ਪ੍ਰੀ ਪ੍ਰਾਇਮਰੀ ਵਿਭਾਗ ਤੋਂ ਲੈ ਕੇ ਸੀਨੀਅਰ ਵਿਭਾਗ ਤੱਕ ਦੇ ਵਿਦਿਆਰਥੀਆਂ ਨੇ ਵੱਖਰੇ ਵੱਖਰੇ ਅੰਦਾਜ਼ ਵਿੱਚ ਦੌੜ ਕੇ ਅਤੇ ਹੋਰ ਖੇਡਾਂ ਵਿੱਚ ਹਿੱਸਾ ਲੈ ਕੇ ਮੈਦਾਨ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਨਾਲ ਸਲਾਮੀ ਦਿੱਤੀ ਗਈ ਅਤੇ ਹੈੱਡ ਗਰਲ ਅਵਨੂਰ ਕੌਰ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ | ਇਸ ਤੋਂ ਬਾਅਦ ਵਿਦਿਆਰਥੀਆਂ ਨੇ ਮਿਸਾਲ ਜਗਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ | ਪ੍ਰਾਇਮਰੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਕੌਨ ਦੌੜ, ਲੈਮਨ ਸਪੂਨ ਦੌੜ, ਸੈਕ ਦੌੜ, ਫਰੋਗ ਜੰਪ ਦੌੜ, ਵਰਗੀਆਂ ਦੌੜਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ | ਸੀਨੀਅਰ ਵਿਦਿਆਰਥੀਆਂ ਵੱਲੋਂ 100 ਮੀਟਰ ਦੌੜ ਵਿੱਚ ਹਿੱਸਾ ਲਿਆ ਗਿਆ | ਵਿਦਿਆਰਥੀਆਂ ਵੱਲੋਂ ਸ਼ਾਟ-ਪੁਟ ਅਤੇ ਲੰਮੀ ਛਾਲ ਦੇ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਗਿਆ | ਛੋਟੇ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਦੌੜ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ | ਇਨ੍ਹਾਂ ਮੁਕਾਬਲਿਆਂ ਵਿੱਚ ਪਵਿੱਤਜੀਤ ਸਿੰਘ, ਸੁਬੇਗ ਸਿੰਘ ਅਤੇ ਮਨਰੀਤ ਕੌਰ ਬੈਸਟ ਅਥਲੀਟ ਚੁਣੇ ਗਏ ਅਤੇ ਫਾਇਰ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ | ਪੜਾਈ ਦੇ ਖੇਤਰ ਵਿਚ ਜੇਤੂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੁੱਡੀ, ਭੰਗੜਾ, ਕੱਥਕ ਅਤੇ ਡਾਂਸ ਆਦਿ ਵੀ ਪੇਸ਼ ਕੀਤੇ ਗਏ | ਇਸ ਮੌਕੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੌਲੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਖੇਡਾਂ ਵਿੱਚ ਹਿੱਸਾ ਲੈ ਕੇ ਹੀ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ | ਖੇਡ ਦੇ ਮੈਦਾਨ ਵਿੱਚ ਖੇਡਣਾ ਸਰੀਰਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ | ਖੇਡਾਂ ਨਾ ਸਿਰਫ਼ ਬੱਚਿਆਂ ਦੇ ਸਰੀਰਕ ਵਿਕਾਸ ਲਈ ਜ਼ਰੂਰੀ ਹਨ ਸਗੋਂ ਉਨ੍ਹਾਂ ਦੇ ਮਨ ਦਾ ਵੀ ਵਿਕਾਸ ਕਰਦੀਆਂ ਹਨ |