ਖੰਨਾ, 24 ਦਸੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ | ਲੰਮੇ ਸਮੇਂ ਤੋਂ ਚੱਲੀ ਆ ਰਹੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਹਸਪਤਾਲ ਵਿੱਚ ਇੱਕ ਹੋਰ ਨਵੀਂ ਐਕਸਰੇ ਮਸ਼ੀਨ ਲਗਾਈ ਗਈ ਹੈ | ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਇਸ ਆਧੁਨਿਕ ਮਸ਼ੀਨ ਦਾ ਉਦਘਾਟਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਰੇਡੀਓਗ੍ਰਾਫਰ ਨਵਜੋਤ ਕੌਰ ਤੋਂ ਰਿਬਨ ਕਟਵਾ ਕੇ ਕਰਾਇਆ | ਜ਼ਿਕਰਯੋਗ ਹੈ ਕਿ ਖੰਨਾ ਸਿਵਲ ਹਸਪਤਾਲ ਵਿੱਚ ਪਹਿਲਾਂ ਲੱਗੀ ਐਕਸਰੇ ਮਸ਼ੀਨ ਕਰੀਬ 12 ਸਾਲ ਪੁਰਾਣੀ ਹੋ ਚੁੱਕੀ ਸੀ | ਵਧੇਰੇ ਲੋਡ ਸਮੇਂ ਇਹ ਮਸ਼ੀਨ ਅਕਸਰ ਖ਼ਰਾਬ ਹੋ ਜਾਂਦੀ ਸੀ | ਇਸ ਸਮੱਸਿਆ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਅਤੇ ਇਲਾਕੇ ਦੇ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਨਵੀਂ ਮਸ਼ੀਨ ਦੀ ਮੰਗ ਕੀਤੀ ਜਾ ਰਹੀ ਸੀ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਿਹਤ ਮੰਤਰੀ ਨਾਲ ਗੱਲਬਾਤ ਕਰਕੇ ਇਹ ਮੰਗ ਮਨਵਾਈ ਅਤੇ ਖੰਨਾ ਸਿਵਲ ਹਸਪਤਾਲ ਲਈ ਨਵੀਂ ਐਕਸਰੇ ਮਸ਼ੀਨ ਮਨਜ਼ੂਰ ਕਰਵਾਈ | ਉਦਘਾਟਨ ਮੌਕੇ ਮੰਤਰੀ ਸੌਂਦ ਨੇ ਕਿਹਾ ਕਿ ਸਿਹਤ ਕ੍ਰਾਂਤੀ ਵਿੱਚ ਆਪ ਸਰਕਾਰ ਨੰਬਰ ਵਨ ਹੈ | ਉਨ੍ਹਾਂ ਦਾਅਵਾ ਕੀਤਾ ਕਿ ਅੱਜ ਹਸਪਤਾਲ ਪੂਰੀ ਤਰ੍ਹਾਂ ਆਧੁਨਿਕ ਮਸ਼ੀਨਰੀ ਅਤੇ ਦਵਾਈਆਂ ਨਾਲ ਲੈਸ ਹੈ | ਮਰੀਜ਼ਾਂ ਦੀ ਓਪੀਡੀ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ, ਜੋ ਸਰਕਾਰ ਦੇ ਚੰਗੇ ਯਤਨਾਂ ਅਤੇ ਲੋਕਾਂ ਦੇ ਵਧਦੇ ਭਰੋਸੇ ਦਾ ਨਤੀਜਾ ਹੈ | ਇਸ ਮੌਕੇ ਕੈਬਨਿਟ ਮੰਤਰੀ ਨੇ ਐਸ. ਐਮ. ਓ. ਡਾਕਟਰ ਮਨਿੰਦਰ ਸਿੰਘ ਭਸੀਨ ਦੀ ਖੂਬ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਹਸਪਤਾਲ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ | ਇਸ ਮੌਕੇ ਡਾਕਟਰ ਰਾਘਵ ਅਗਰਵਾਲ ਵੀ ਹਾਜ਼ਰ ਸਨ | ਉੱਥੇ ਹੀ ਦੂਜੇ ਪਾਸੇ ਸਰਕਾਰੀ ਹਸਪਤਾਲ ਦੇ ਐਸ. ਐਮ. ਓ. ਡਾਕਟਰ ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਰਾਜਪੁਰਾ ਤੋਂ ਲੈ ਕੇ ਜਲੰਧਰ ਤੱਕ ਜੀਟੀ ਰੋਡ ਉੱਪਰ ਸਿਰਫ਼ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਟਰੋਮਾ ਸੈਂਟਰ ਹੈ ਜਿਸ ਕਰਕੇ ਇੱਥੇ 24 ਘੰਟੇ ਐਮਰਜੈਂਸੀ ਦੇ ਵਿੱਚ ਬਹੁਤ ਜ਼ਿਆਦਾ ਮਰੀਜ਼ ਆਉਂਦੇ ਰਹਿੰਦੇ ਹਨ |