ਖੰਨਾ, 24 ਦਸੰਬਰ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਦੌਰਾਨ ਹਿਰਾਸਤ ਵਿਚ ਲਏ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਕੌਮੀ ਜਨਰਲ ਸਕੱਤਰ ਯਾਦਵਿੰਦਰ ਸਿੰਘ ਯਾਦੂ ਨੇ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਚੋਣਾਂ ਦੀ ਗਿਣਤੀ ਵਾਲੇ ਦਿਨ ਦੇ ਘਟਨਾਕ੍ਰਮ ਬਾਰੇ ਪੈੱ੍ਰਸ ਕਾਨਫ਼ਰੰਸ ਵਿਚ ਕਿਹਾ ਕਿ ਖੰਨਾ ਪ੍ਰਸ਼ਾਸਨ ਵਲੋਂ ਵੋਟਾਂ ਦੀ ਗਿਣਤੀ ਨੂੰ ਪ੍ਰਭਾਵਿਤ ਕਰਨ ਤੇ ਹੇਰਾਫੇਰੀ ਨਾਲ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਉਨ੍ਹਾਂ ਨਾਲ ਵਧੀਕੀ ਕੀਤੀ ਤੇ ਉਨ੍ਹਾਂ ਤੇ ਮਾਮਲਾ ਦਰਜ ਕਰਕੇ ਵਰਕਰਾਂ ਨੂੰ ਡਰਾਉਣ ਧਮਕਾਉਣ ਦੀ ਗਿਣੀ ਮਿਥੀ ਸਾਜ਼ਿਸ਼ ਰਚੀ ਗਈ ਸੀ | ਉਨ੍ਹਾਂ ਨੂੰ ਜਬਰੀ ਗਿਣਤੀ ਕੇਂਦਰ 'ਚ ਬਾਹਰ ਲਿਜਾਇਆ ਗਿਆ ਸੀ | ਇਸ ਸਭ ਦੀ ਵੀਡੀਓ ਰਿਕਾਰਡਿੰਗ ਦੇਖੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਤੋਂ ਲੈ ਕੇ ਚੋਣ ਤੇ ਗਿਣਤੀ ਤੱਕ ਪ੍ਰਕਿਰਿਆ 'ਚ ਹੇਰਾਫੇਰੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਅਕਾਲੀ ਦਲ ਦੇ ਉਮੀਦਵਾਰਾਂ ਨੇ ਬਹਾਦਰੀ ਨਾਲ ਲੜਾਈ ਲੜੀ | ਯਾਦੂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਵੋਟਾਂ ਦੀ ਗਿਣਤੀ ਦੌਰਾਨ ਬੇਨਿਯਮੀਆਂ ਹੋਣ ਦਾ ਅੰਦਾਜ਼ਾ ਸੀ | 17 ਦਸੰਬਰ ਨੂੰ ਗਿਣਤੀ ਦੌਰਾਨ, ਚੋਣ ਏਜੰਟ ਕਾਰਡ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪਹਿਲਾਂ ਰੋਕਿਆ ਗਿਆ, ਬਾਅਦ 'ਚ, ਨਾਇਬ ਤਹਿਸੀਲਦਾਰ ਨੇ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ | ਪੰਜਾਬ ਦੀਆਂ ਲਗਭਗ ਸਾਰੀਆਂ ਬਲਾਕ ਕਮੇਟੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਸੀਟਾਂ ਦੇ ਨਤੀਜੇ ਐਲਾਨੇ ਗਏ ਸਨ ਪਰ ਖੰਨਾ 'ਚ ਗਿਣਤੀ ਜਾਣ-ਬੁੱਝ ਕੇ ਲੇਟ ਕੀਤੀ ਗਈ | ਯਾਦੂ ਨੇ ਕਿਹਾ ਕਿ ਗਿਣਤੀ ਕੇਂਦਰ ਦੇ ਅੰਦਰ ਪ੍ਰਸ਼ਾਸਨ ਦਾ ਰਵੱਈਆ ਵੀ ਗਲਤ ਸੀ, ਇਹ ਵੀਡੀਓ 'ਚ ਦੇਖਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਮੰਤਰੀ ਦੋਸ਼ ਲਗਾ ਰਹੇ ਹਨ, ਕਿ ਮੈਂ ਲੜਨ ਝਗੜਨ ਦਾ ਆਦੀ ਹਾਂ | ਪਰ ਜੇਕਰ ਵਰਕਰਾਂ ਲਈ ਖੜ੍ਹਾ ਹੋਣਾ ਗਲਤ ਹੈ, ਤਾਂ ਇਹ ਗ਼ਲਤੀ ਮੈਂ ਵਾਰ-ਵਾਰ ਕਰਾਂਗਾ | ਉਨ੍ਹਾਂ ਕਿਹਾ ਕਿ ਗਿਣਤੀ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਸੀ ਪਰ ਸਰਕਾਰ ਨਾਲ ਜੁੜੇ ਲੋਕ ਮੋਬਾਈਲ ਫੋਨਾਂ ਨਾਲ ਗਿਣਤੀ ਕੇਂਦਰ 'ਚ ਦਾਖਲ ਹੋਏ | ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਪਹਿਲਾਂ ਤੋਂ ਯੋਜਨਾਬੱਧ ਸਾਜ਼ਿਸ਼ ਦੇ ਤਹਿਤ ਪੁਲਿਸ ਜ਼ਬਰਦਸਤੀ ਗਿਣਤੀ ਕੇਂਦਰ ਤੋਂ ਬਾਹਰ ਲੈ ਗਈ | ਇਰਾਦਾ ਗਿਣਤੀ ਕੇਂਦਰ ਦੇ ਅੰਦਰ ਡਰ ਦਾ ਮਾਹੌਲ ਪੈਦਾ ਕਰਨਾ ਅਤੇ ਜਾਣਬੁੱਝ ਕੇ ਨਤੀਜਿਆਂ ਨੂੰ ਪ੍ਰਭਾਵਿਤ ਕਰਨਾ ਸੀ | ਮੈਨੂੰ ਤਿੰਨ ਘੰਟੇ ਨਜਾਇਜ਼ ਹਿਰਾਸਤ 'ਚ ਰੱਖਿਆ ਗਿਆ | ਯਾਦੂ ਨੇ ਕਿਹਾ ਕਿ ਗਿਣਤੀ ਕੇਂਦਰ 'ਤੇ ਬੇਨਿਯਮੀਆਂ ਨੂੰ ਲੈ ਕੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮੰਤਰੀ ਖੰਨਾ ਵਿਚ ਇਤਿਹਾਸਕ ਜਿੱਤ ਦਾ ਦਾਅਵਾ ਕਰ ਰਹੇ ਹਨ, ਜਦੋਂ ਕਿ 'ਆਪ' ਨੇ ਛੇ ਬਲਾਕ ਸੰਮਤੀ ਅਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜਿੱਤਿਆ ਹੈ ਅਤੇ ਅਕਾਲੀ ਦਲ ਨੇ ਵੀ ਪੰਜ ਬਲਾਕ ਸੰਮਤੀ ਸੀਟਾਂ ਅਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜਿੱਤਿਆ ਹੈ | ਅਕਾਲੀ ਦਲ ਚੋਣਾਂ 'ਚ ਲਗਪਗ ਆਪ ਦੇ ਬਰਾਬਰ ਜੇਤੂ ਰਿਹਾ | ਉਨ੍ਹਾਂ ਕਿਹਾ ਕਿ ਸਾਡੇ ਵਰਕਰਾਂ ਨੂੰ ਵੀ ਪਰੇਸ਼ਾਨ ਕੀਤਾ ਗਿਆ ਹੈ ਅਤੇ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ | ਕਈਆਂ ਦੇ ਸਿਰ ਪਾੜੇ ਗਏ ਹਨ | ਕਾਨੂੰਨ ਦੇ ਰਖਵਾਲਿਆਂ ਨੇ ਹੀ ਕਾਨੂੰਨ ਹੱਥਾਂ 'ਚ ਲਿਆ | ਇਸ ਦੀ ਵੀ ਜਾਂਚ ਕਰਵਾਈ ਜਾਵੇਗੀ | ਯਾਦੂ ਨੇ ਕਿਹਾ ਕਿ ਮੰਤਰੀ ਦੋਸ਼ ਲਗਾ ਰਹੇ ਹਨ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਇਕੱਠੇ ਚੋਣਾਂ ਲੜੀਆਂ | ਜੋ ਸਰਾਸਰ ਝੂਠ ਹੈ | ਯਾਦੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਲੋਕ ਦੱਸ ਦੇਣਗੇ ਕਿ ਕਿਸ ਨਾਲ ਖੜ੍ਹੇ ਹਨ | ਉਨ੍ਹਾਂ ਕਿਹਾ ਕਿ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ, ਆਪ ਨੇਤਾਵਾਂ ਅਤੇ ਮੰਤਰੀਆਂ ਦੇ ਕਾਲੇ ਕਾਰਨਾਮਿਆਂ ਤੇ ਘੁਟਾਲਿਆਂ ਦੀ ਜਾਂਚ ਕਰਵਾਈ ਜਾਵੇਗੀ |