ਅਕਾਲੀ ਦਲ ਅਤੇ ਕਾਂਗਰਸ ਦੋਵਾਂ ਨੇ ਆਮ ਆਦਮੀ ਪਾਰਟੀ 'ਤੇ ਖੰਨਾ ਦੀ ਵਾਰਡਬੰਦੀ ਚੋਰੀ ਕਰਨ ਦੇ ਲਾਏ ਦੋਸ਼
ਅਜੀਤ ਡੈਸਕ
26-12-2025
ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਕੌਮੀ ਜਨਰਲ ਸਕੱਤਰ ਯਾਦਵਿੰਦਰ ਸਿੰਘ ਯਾਦੂ ਵਲੋਂ ਸ਼ਹੀਦੀ ਦਿਹਾੜੇ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਤੋਂ ਬਾਅਦ ਯਾਦੂ ਨੇ ਦੋਸ਼ ਲਾਇਆ ਕਿ ਸ਼ਹਿਰ ਦੀ ਨਗਰ ਕੌਂਸਲ ਦੀ ਵਾਰਡ ਬੰਦੀ ਸੱਤਾਧਾਰੀ ਪਾਰਟੀ ਵਲੋਂ ਚੋਰੀ ਚੋਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ, ਪਰ ਜਿਹੋ ਜੇ ਹਾਲਾਤ ਵਾਰਡਬੰਦੀ ਨੂੰ ਲੈ ਕੇ ਮੌਜੂਦਾ ਸਰਕਾਰ ਕਰ ਰਹੀ ਹੈ, ਪਹਿਲਾਂ ਕਦੇ ਨਹੀਂ ਹੋਏ | ਉਨ੍ਹਾਂ ਕਿਹਾ ਕਿ ਵਾਰਡਬੰਦੀ ਤੋਂ ਪਹਿਲਾਂ ਇਕ ਕਮੇਟੀ ਬਣਦੀ ਹੈ ਜਿਸ ਵਿਚ ਸਾਰੀਆਂ ਪਾਰਟੀਆਂ ਦੇ ਇਕ ਇਕ ਕੌਂਸਲਰ ਸ਼ਾਮਿਲ ਕੀਤਾ ਜਾਂਦਾ ਸੀ | ਪਰ ਪਤਾ ਨਹੀਂ ਕਿਸ ਡਰ ਤੋਂ ਸ਼ੋ੍ਰਮਣੀ ਅਕਾਲੀ ਦਲ ਦਾ ਕੋਈ ਵੀ ਕੌਂਸਲਰ ਇਸ ਕਮੇਟੀ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਨਾ ਹੀ ਸਾਨੂੰ ਬੁਲਾਇਆ ਗਿਆ ਹੈ | ਲੋਕਲ ਬਾਡੀ ਵਿਭਾਗ ਵਲੋਂ ਵੀ ਸਾਡੇ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਾਡੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਾਰਡਬੰਦੀ ਦਾ ਨਕਸ਼ਾ ਤਿਆਰ ਹੋ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਕੁੱਝ ਦਲ ਬਦਲੂ ਲੋਕ ਪਾਰਟੀਆਂ ਨੂੰ ਗੁਮਰਾਹ ਕਰਦੇ ਆ ਰਹੇ ਹਨ | ਆਪਣੇ ਫ਼ਾਇਦੇ ਲਈ ਵਾਰਡ ਬੰਦੀਆਂ ਕਰਵਾ ਰਹੇ ਹਨ | ਉਨ੍ਹਾਂ ਦੋਸ਼ ਲਾਇਆ ਕਿ ਕੁੱਝ ਕਲੋਨੀਆਂ ਦੀ ਆਬਾਦੀ ਹੀ ਅਲੋਪ ਕਰ ਦਿੱਤੀ ਗਈ ਹੈ | ਕਿਉਂ ਕਿ ਵੱਖ ਵੱਖ ਧਰਮਾਂ ਦੇ ਲੋਕਾਂ ਲਈ ਵਾਰਡ ਰਿਜਰਵ ਕੀਤੇ ਜਾ ਸਕਣ | ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਵੱਲੋਂ ਜਾਣਬੁੱਝ ਕੇ ਸ਼ਹਿਰ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰਵਾਸੀਆਂ ਨੂੰ ਇਕ ਸਹੀ ਢੰਗ ਨਾਲ ਬਣਿਆ ਵਾਰਡ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੰਮ ਕੀਤੇ ਹਨ ਤਾਂ ਅਜਿਹੇ ਕੰਮ ਕਰਨ ਦੀ ਕੀ ਲੋੜ ਹੈ ਲੋਕ ਤੁਹਾਨੂੰ ਆਪ ਹੀ ਵੋਟਾਂ ਪਾ ਦੇਣਗੇ | ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਸ਼ਹਿਰ ਦਾ ਵਿਕਾਸ ਕੀਤਾ ਹੈ ਤਾਂ ਉਨ੍ਹਾਂ ਨੂੰ ਬਿਨਾਂ ਡਰ ਭੈਅ ਤੋਂ ਨਗਰ ਕੌਂਸਲ ਦੀਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਅਸਲ ਵਿਚ ਹੁਕਮਰਾਨਾਂ ਨੂੰ ਪਤਾ ਹੈ ਕਿ ਸ਼ਹਿਰ ਦਾ ਕੋਈ ਵਿਕਾਸ ਨਹੀਂ ਹੋਇਆ ਇਸ ਲਈ ਹੀ ਉਹ ਡਰ ਰਹੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਹੀ ਅਮਰੂਤ ਯੋਜਨਾ ਅਧੀਨ ਹੀ ਖੰਨਾ ਸ਼ਹਿਰ ਨੂੰ ਪਾਇਆ ਗਿਆ ਸੀ | ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸੇ ਸਕੀਮ ਤਹਿਤ ਸ਼ਹਿਰ ਦਾ ਵਿਕਾਸ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਖੰਨਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ, ਸ਼ਹਿਰ ਨੂੰ ਸਾਫ਼ ਸੁਥਰਾ ਬਣਾ ਕੇ ਚੰਡੀਗੜ੍ਹ ਵਰਗਾ ਬਣਾਉਣ, ਕੂੜੇ ਦੀ ਸਮੱਸਿਆ ਦਾ ਹੱਲ, ਗਲੀਆਂ ਨਾਲੀਆਂ ਅਤੇ ਸੀਵਰੇਜ ਦੀ ਸਮੱਸਿਆ ਹੱਲ ਕਰਾਂਗੇ ਪਰ ਇਨ੍ਹਾਂ ਤੋਂ ਸ਼ਹਿਰ ਦਾ ਕੋਈ ਵੀ ਕੰਮ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਸਾਰੀਆਂ ਸਮੱਸਿਆਵਾਂ ਜਿਉ ਦੀਆਂ ਤਿਉਂ ਹਨ | ਨਗਰ ਕੌਂਸਲ ਦਾ ਇਕਲੌਤਾ ਪਾਰਕ ਵੀ ਸਰਕਾਰ ਦੇ ਵਿਕਾਸ ਨੂੰ ਮੂੰਹ ਚਿੜਾ ਰਿਹਾ ਹੈ | ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਲੋਕਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਗੇ | ਕਿਉਂ ਕਿ ਲੋਕ ਸੱਚ ਦਾ ਸਾਥ ਦੇਣਗੇ | ਲੋਕਾਂ ਨੂੰ ਆਮ ਆਦਮੀ ਪਾਰਟੀ ਨਵੀਂ ਹੋਣ ਕਰ ਕੇ ਧੋਖਾ ਮਿਲਿਆ ਹੈ ਪਰ ਦੋਬਾਰਾ ਨਹੀਂ ਖਾਣਗੇ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨਗਰ ਕੌਂਸਲ ਦੀਆਂ ਚੋਣਾਂ ਕਿਸੇ ਡਰ ਅਤੇ ਭੈਅ ਤੋਂ ਬਿਨਾਂ ਲੜੇ ਹੀ ਜਿਨ੍ਹਾਂ ਮਰਜ਼ੀ ਵਾਰਡਾਂ ਨੂੰ ਤੋੜ ਭੰਨ ਕਰ ਲੈਣ, ਸਾਨੂੰ ਪੂਰਨ ਭਰੋਸਾ ਹੈ ਕਿ ਲੋਕ ਸ਼ੋ੍ਰਮਣੀ ਅਕਾਲੀ ਦਲ ਦਾ ਸਾਥ ਦੇਣਗੇ | ਜੇਕਰ ਨਕਸ਼ੇ ਨੂੰ ਜਨਤਕ ਤੌਰ ਤੇ ਨਾ ਦਿਖਾਇਆ ਗਿਆ ਤਾਂ ਅਸੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਵਾਂਗੇ ਕਿ ਨਕਸ਼ਾ ਜਨਤਕ ਕੀਤਾ ਜਾਵੇ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਂਸਲਰ ਨੂੰ ਨਕਸ਼ੇ ਲਈ ਬਣੀ ਕਮੇਟੀ ਦਾ ਮੈਂਬਰ ਬਣਾਇਆ ਜਾਵੇ | ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਹਾਈਕੋਰਟ ਦਾ ਸਹਾਰਾ ਲਿਆ ਜਾਵੇਗਾ |
ਸਾਬਕਾ ਮੰਤਰੀ ਗੁਰਕੀਰਤ ਨੇ ਵੀ ਵਾਰਡਬੰਦੀ ਨੂੰ ਨਾਜਾਇਜ਼ ਤੇ ਪਾੜ-ਬੰਦੀ ਕਰਨ ਵਾਲਾ ਠਹਿਰਾਇਆ
ਅੱਜ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਨੇ ਨਗਰ ਕੌਂਸਲ ਖੰਨਾ ਦੀ ਨਵੀਂ ਵਾਰਡ ਬੰਦੀ ਅਸਲ ਵਿਚ ਸ਼ਹਿਰ ਦੀ ਪਾੜ-ਬੰਦੀ ਹੈ | ਉਨ੍ਹਾਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦਾਂ ਨੂੰ ਨਮਸਕਾਰ ਕੀਤੀ ਅਤੇ ਉਨ੍ਹਾਂ ਨੇ ਕਿ੍ਸਮਸ ਦੇ ਦਿਹਾੜੇ ਤੇ ਈਸਾਈ ਭਾਈਚਾਰੇ ਨੂੰ ਕਿ੍ਸਮਸ ਦੀਆਂ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਮਿਊਸਿਪਲ ਐਕਟ ਵਿਚ ਲਿਖਿਆ ਗਿਆ ਹੈ ਕਿ ਵਾਰਡਬੰਦੀ ਉਸ ਸਮੇਂ ਹੁੰਦੀ ਹੈ ਜਦੋਂ ਵਾਰਡਬੰਦੀ ਨੂੰ 15 ਸਾਲ ਹੋ ਗਏ ਹੋਣ | ਪਰ ਖੰਨਾ ਵਿਚ ਪਿਛਲੀ ਵਾਰਡਬੰਦੀ ਨੂੰ ਅਜੇ 10 ਸਾਲ ਹੀ ਹੋਏ ਹਨ ਅਤੇ ਨਾ ਹੀ ਕੋਈ ਨਵਾਂ ਏਰੀਏ ਦਾ ਵਾਧਾ ਕੀਤਾ ਗਿਆ ਹੈ | ਨਾ ਹੀ ਵਾਰਡਾਂ ਵਿਚ ਵੋਟਾਂ ਦੀ ਗਿਣਤੀ ਵੱਧ ਘੱਟ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਸਾਰਾ ਸ਼ਹਿਰ ਹੀ ਹਿੱਲਾ ਕੇ ਰੱਖ ਦਿੱਤਾ ਹੈ | ਸਾਨੂੰ ਜੋ ਸਾਡੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਪੂਰੇ ਸ਼ਹਿਰ ਦੀਆਂ ਵਾਰਡਾਂ ਵਿਚ ਗਲੀਆਂ ਦੀ ਤੋੜ ਬੰਨ੍ਹ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਵਾਰਡਬੰਦੀ ਦੇ ਸਬੰਧ ਵਿਚ ਸਾਰੇ ਸ਼ਹਿਰ ਵਿਚ ਨਕਸ਼ੇ ਲੱਗ ਚੁੱਕੇ ਹਨ ਪਰ ਖੰਨਾ ਨਗਰ ਕੌਂਸਲ ਵਿਚ ਕੋਈ ਨਕਸ਼ਾ ਨਹੀਂ ਲੱਗਿਆ | ਜਦੋਂ ਕਿ ਬਾਕੀ ਕਮੇਟੀਆਂ ਵਿਚ ਇਤਰਾਜ਼ ਲਾਉਣ ਦੀਆਂ ਤਾਰੀਕਾਂ ਵੀ ਘੋਸ਼ਿਤ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਰਾਤ ਸਮੇਂ ਨਕਸ਼ਾ ਲਾ ਕੇ ਉਸ ਦੀਆਂ ਫੋਟੋਆਂ ਖਿੱਚ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ | ਸਾਡੇ ਪ੍ਰਧਾਨ ਤੇ ਕੁੱਝ ਕੌਂਸਲਰ ਚੰਡੀਗੜ੍ਹ ਦਫ਼ਤਰ ਵਿਚ ਜਾ ਕੇ ਇਤਰਾਜ਼ ਲੱਗਾ ਕੇ ਆਏ ਸਨ ਜਿਨ੍ਹਾਂ ਦਾ ਕੋਈ ਵੀ ਜਵਾਬ ਨਹੀਂ ਆਇਆ | ਕੋਟਲੀ ਨੇ ਦੋਸ਼ ਲਾਇਆ ਕਿ ਮੰਤਰੀ ਆਪਣੇ ਖ਼ਾਸ ਵਿਅਕਤੀਆਂ ਕਰ ਕੇ ਇਹ ਸਭ ਕੁੱਝ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਤੋਂ ਮੰਗ ਹੈ ਕਿ ਵਾਰਡਬੰਦੀ ਦਾ ਨਕਸ਼ਾ ਜਲਦੀ ਤੋਂ ਜਲਦੀ ਕਮੇਟੀ ਵਿਚ ਲਗਾਇਆ ਜਾਵੇ | ਤਾਂ ਜੋ ਸਾਡੇ ਕੌਂਸਲਰਾਂ ਅਤੇ ਸਾਨੂੰ ਵਾਰਡਾਂ ਬਾਰੇ ਜਾਣਕਾਰੀ ਮਿਲੇ |
ਉਨ੍ਹਾਂ ਕਿਹਾ ਕਿ ਲੋਕ ਰਾਜ ਹੈ | ਜਿਹੜੀ ਵੀ ਗੱਲ ਹੈ ਸਭ ਦੇ ਸਾਹਮਣੇ ਰੱਖਣੀ ਚਾਹੀਦੀ ਹੈ | ਹਰ ਚੀਜ਼ ਨੂੰ ਛੁਪਾਇਆ ਜਾ ਰਿਹਾ ਹੈ | ਕੋਈ ਵੀ ਅਧਿਕਾਰੀ ਨਕਸ਼ੇ ਦੇ ਮੁੱਦੇ ਤੇ ਗੱਲ ਕਰਨ ਲਈ ਤਿਆਰ ਨਹੀਂ ਹੈ | ਉਨ੍ਹਾਂ ਕਿਹਾ ਕਿ ਆਪ ਵਿਚ ਸ਼ਾਮਿਲ ਹੋਏ ਕੌਂਸਲਰ ਰੀਟਾ ਰਾਣੀ ਨੂੰ ਵੀ ਅਕਾਲੀ ਦਲ ਦੇ ਕੋਟੇ ਵਿਚੋਂ ਕਮੇਟੀ ਵਿਚ ਪਾ ਦਿੱਤਾ ਗਿਆ ਹੈ | ਸਾਡੀ ਤੇ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਜਲਦੀ ਨਕਸ਼ੇ ਨੂੰ ਸਭ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਇਤਰਾਜ਼ ਲਗਾਏ ਜਾਣ ਅਤੇ ਇਤਰਾਜ਼ਾਂ ਦੇ ਸੁਣਵਾਈ ਵੀ ਕੀਤੀ ਜਾਵੇ | ਸਾਡੇ ਵਲੋਂ ਲੀਗਲ ਨੋਟਿਸ ਵੀ ਦਿੱਤਾ ਗਿਆ ਹੈ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਕਾਨੂੰਨ ਦਾ ਸਹਾਰਾ ਲੈ ਸਕੀਏ ਤਾਂ ਜੋ ਲੋਕ ਵਿਰੋਧੀ ਗੱਲਾਂ ਨਾ ਹੋ ਸਕਣ |