ਖੰਨਾ, 25 ਦਸੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਖੇ ਲੰਮੇ ਸਮੇਂ ਤੋਂ ਮਰੀਜ਼ਾਂ ਦੀ ਸੇਵਾ ਕਰ ਰਹੇ ਸ਼ਹਿਰ ਦੇ ਸਭ ਤੋਂ ਪੁਰਾਣੇ ਐਂਬੂਲੈਂਸ ਚਾਲਕ ਅਤੇ ਐਂਬੂਲੈਂਸ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਟੀਟੂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਅਤੇ ਨਿਸ਼ਕਾਮ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਸਮਾਰੋਹ ਇੱਕ ਨਿੱਜੀ ਹਸਪਤਾਲ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲੁਧਿਆਣਾ ਦੀ ਸਿਵਲ ਸਰਜਨ ਡਾ. ਰਮਨਦੀਪ ਕੌਰ ਖ਼ਾਸ ਤੌਰ 'ਤੇ ਸ਼ਾਮਲ ਹੋਏ | ਸਮਾਰੋਹ ਦੌਰਾਨ ਸਿਹਤ ਵਿਭਾਗ ਨਾਲ ਜੁੜੇ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਐਂਬੂਲੈਂਸ ਚਾਲਕ ਮੌਜੂਦ ਰਹੇ | ਇਸ ਮੌਕੇ ਨਿੱਜੀ ਹਸਪਤਾਲ ਪ੍ਰਬੰਧਨ ਵੱਲੋਂ ਕਈ ਐਂਬੂਲੈਂਸ ਚਾਲਕਾਂ ਨੂੰ ਸਨਮਾਨਿਤ ਕੀਤਾ ਗਿਆ, ਪਰ ਸੁਖਦੇਵ ਸਿੰਘ ਟੀਟੂ ਨੂੰ ਉਨ੍ਹਾਂ ਦੀ ਲੰਮੀ ਸੇਵਾ ਅਤੇ ਯੂਨੀਅਨ ਦੇ ਪ੍ਰਧਾਨ ਵਜੋਂ ਨਿਭਾਈ ਜ਼ਿੰਮੇਵਾਰੀ ਲਈ ਵਿਸ਼ੇਸ਼ ਤੌਰ 'ਤੇ ਸਨਮਾਨ ਦਿੱਤਾ ਗਿਆ | ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਕਿਸੇ ਵੀ ਮਰੀਜ਼ ਦੀ ਜਾਨ ਬਚਾਉਣ ਵਿੱਚ ਸਭ ਤੋਂ ਪਹਿਲਾਂ ਭੂਮਿਕਾ ਐਂਬੂਲੈਂਸ ਚਾਲਕ ਨਿਭਾਉਂਦਾ ਹੈ | ਸਨਮਾਨ ਪ੍ਰਾਪਤ ਕਰਨ ਉਪਰੰਤ ਸੁਖਦੇਵ ਸਿੰਘ ਟੀਟੂ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦਾ ਨਹੀਂ, ਸਗੋਂ ਸਾਰੇ ਐਂਬੂਲੈਂਸ ਚਾਲਕਾਂ ਦੀ ਮਿਹਨਤ ਅਤੇ ਸੇਵਾ ਦਾ ਪ੍ਰਤੀਕ ਹੈ |