ਤਪਾ ਮੰਡੀ, 31 ਮਈ (ਪ੍ਰਵੀਨ ਗਰਗ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ਤਪਾ ਪੁਲਿਸ ਨੇ 4500 ਪਾਬੰਦੀਸ਼ੁਦਾ ਕੈਪਸੂਲਾਂ ਅਤੇ 260 ਨਸ਼ੀਲੀਆਂ ਖੁੱਲ੍ਹੀਆਂ ਗੋਲੀਆਂ ਸਣੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਰੇਨੂੰ ਪਰੋਚਾ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਤਾਜੋ ਕੈਂਚੀਆਂ ਮੌਜੂਦ ਸੀ ਤਾਂ ਮੁਖ਼ਬਰ ਨੇ ਗੁਪਤ ਸੂਚਨਾ ਦਿੱਤੀ ਕਿ ਮੰਗਾ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਕਮੇਟੀ ਆਫ਼ਿਸ ਦੀ ਬੈਕਸਾਈਡ (ਬਰਨਾਲਾ) ਇਲਾਕੇ ਅੰਦਰ ਪਾਬੰਦੀਸ਼ੁਦਾ ਕੈਪਸੂਲ ਅਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ, ਜੋ ਅੱਜ ਵੀ ਕੈਪਸੂਲ ਅਤੇ ਗੋਲੀਆਂ ਵੇਚਣ ਦੀ ਤਾਕ 'ਚ ਹੈ ਅਗਰ ਕਾਰਵਾਈ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ | ਪੁਲਿਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਤਾਜੋਕੇ ਰੋਡ ਸਥਿਤ ਉਕਤ ਨਸ਼ਾ ਤਸਕਰ ਨੂੰ ਇਕ ਕਿੱਟ ਸਮੇਤ ਕਾਬੂ ਕੀਤਾ, ਜਦ ਕਿੱਟ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚੋਂ ਪਾਬੰਦੀਸ਼ੁਦਾ 4500 ਕੈਪਸੂਲ (ਸਿਗਨੇਚਰ) ਅਤੇ 260 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ | ਪੁਲਿਸ ਨੇ ਉਕਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਮੁੱਖ ਮੁਣਸ਼ੀ ਦਵਿੰਦਰ ਸਿੰਘ, ਕਾਂਸਟੇਬਲ ਅਰਸ਼ਦੀਪ ਸਿੰਘ, ਕਾਂਸਟੇਬਲ ਜਸਨਮੀਤ ਕੌਰ ਅਤੇ ਕਰਮਜੀਤ ਸਿੰਘ ਹਾਜ਼ਰ ਸਨ |