ਮਹਿਲ ਕਲਾਂ, 2 ਜੂਨ (ਅਵਤਾਰ ਸਿੰਘ ਅਣਖੀ)-ਐੱਸ.ਡੀ.ਐੱਮ. ਮਹਿਲ ਕਲਾਂ ਹਰਕੰਵਲਜੀਤ ਸਿੰਘ ਦੀ ਸੇਵਾ ਮੁਕਤੀ ਦੇ ਮੌਕੇ 'ਤੇ ਸਬ-ਡਵੀਜ਼ਨ ਮਹਿਲ ਕਲਾਂ ਦੇ ਸਮੂਹ ਸਟਾਫ਼ ਵਲੋਂ ਵਿਦਾਇਗੀ ਸਮਾਰੋਹ ਕੀਤਾ ਗਿਆ | ਵੱਖ-ਵੱਖ ਆਗੂਆਂ ਨੇ ਉਨ੍ਹਾਂ ਵਲੋਂ ਨਿਭਾਈਆਂ ਅਣਥੱਕ ਸੇਵਾਵਾਂ ਦੀ ਚਰਚਾ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਨਾਇਬ ਤਹਿਸੀਲਦਾਰ ਪਵਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਊਟੀ ਨਾ ਕੇਵਲ ਇਮਾਨਦਾਰੀ ਨਾਲ ਨਿਭਾਈ, ਸਗੋਂ ਲੋਕਾਂ ਦੇ ਹਿਤਾਂ ਨੂੰ ਪਹਿਲ ਦਿੰਦਿਆਂ ਹਰ ਫ਼ੈਸਲਾ ਨਿਆਂ ਤੇ ਨੀਤੀ ਦੇ ਆਧਾਰ 'ਤੇ ਲਿਆ | ਅਜਿਹੇ ਸੂਝਵਾਨ ਅਫਸਰ ਸਰਕਾਰੀ ਅਦਾਰਿਆਂ ਦੀ ਸ਼ਾਨ ਹੁੰਦੇ ਹਨ | ਇਸ ਮੌਕੇ ਸੇਵਾ ਮੁਕਤ ਹੋਣ 'ਤੇ ਆਪਣਾ ਮਨੋਭਾਵ ਸਾਂਝਾ ਕਰਦਿਆਂ ਐੱਸ.ਡੀ.ਐੱਮ. ਹਰਕੰਵਲਜੀਤ ਸਿੰਘ ਨੇ ਕਿਹਾ ਕਿ ਜਿਹੜਾ ਮਾਣ ਅਤੇ ਪਿਆਰ ਮੈਨੂੰ ਤੁਸੀਂ ਦਿੱਤਾ, ਉਸ ਲਈ ਮੈਂ ਸਦਾ ਰਿਣੀ ਰਹਾਂਗਾ | ਇਸ ਮੌਕੇ ਸ੍ਰੀਮਤੀ ਗੁਰਸ਼ਰਨ ਕੌਰ ਲੁਧਿਆਣਾ, ਹਰਵਿੰਦਰ ਸਿੰਘ ਕੁਤਬਾ, ਦੀਪਕ ਗੋਇਲ, ਮੈਡਮ ਸਰਬਜੀਤ ਕੌਰ, ਗੁਰਬਖ਼ਸ਼ ਸਿੰਘ ਵਾਲੀਆ, ਗੌਰਵ ਪਟਿਆਲਾ ਆਦਿ ਹਾਜ਼ਰ ਸਨ |