ਬਰਨਾਲਾ, 2 ਜੂਨ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਵਲੋਂ ਨਵੇਂ ਵਿੱਦਿਅਕ ਸੈਸ਼ਨ ਮੌਕੇ ਖਿਡਾਰੀਆਂ ਲਈ 27 ਲੱਖ ਰੁਪਏ ਦੀ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ | ਇਹ ਜਾਣਕਾਰੀ ਸੰਸਥਾ ਦੇ ਚੇਅਰਮੈਨ ਰਾਕੇਸ਼ ਗੁਪਤਾ ਅਤੇ ਡਾਇਰੈਕਟਰ ਡਾ: ਅਜੇ ਕੁਮਾਰ ਮਿੱਤਲ ਨੇ ਦਿੱਤੀ ਤੇ ਦੱਸਿਆ ਕਿ ਇਹ ਸਕਾਲਰਸ਼ਿਪ ਵਿਸ਼ੇਸ਼ ਤੌਰ 'ਤੇ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤੋਂ ਪ੍ਰੇਰਿਤ ਹੈ | ਇਸ ਸਕਾਲਰਸ਼ਿਪ ਵਿਚ ਸਾਰੀ ਟਿਊਸ਼ਨ ਫ਼ੀਸ ਦੀ ਮੁਆਫ਼ੀ ਹੋਵੇਗੀ | ਇਸ ਸਕਾਲਰਸ਼ਿਪ ਦਾ ਲਾਭ ਸਟੇਟ ਪੱਧਰ 'ਤੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਹੋਵੇਗਾ | ਕਾਲਜ ਵਿਚ ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਮਾਨਤਾ ਪ੍ਰਾਪਤ ਕਿ੍ਕਟ ਮੈਦਾਨ ਹੈ | ਕਾਲਜ ਵਲੋਂ ਵਿਦਿਆਰਥੀਆਂ ਲਈ ਵਾਲੀਬਾਲ, ਬੈਡਮਿੰਟਨ, ਜੈਵਲਿਨ ਥਰੋ ਆਦਿ ਹੋਰ ਖੇਡਾਂ ਦਾ ਵੀ ਪ੍ਰਬੰਧ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਪੱਧਰ ਦੇ ਖੇਡ ਮੁਕਾਬਲਿਆਂ ਤੇ ਸੱਭਿਆਚਾਰ ਮੁਕਾਬਲਿਆਂ ਵਿਚ ਮੱਲ੍ਹਾਂ ਮਾਰਨ ਵਾਲੇ 60 ਵਿਦਿਆਰਥੀਆਂ ਲਈ ਟਿਊਸ਼ਨ ਫ਼ੀਸ 100 ਫ਼ੀਸਦੀ ਫ਼ੀਸ ਮੁਆਫ਼ ਹੋਵੇਗੀ | ਹੋਣਹਾਰ ਖਿਡਾਰੀਆਂ ਲਈ ਨਵੇਂ ਵਿੱਦਿਅਕ ਸੈਸ਼ਨ ਮੌਕੇ ਸੰਸਥਾ ਦੇ ਵੱਖ-ਵੱਖ ਕੋਰਸਾਂ ਵਿਚ ਦਾਖਲਾ ਲੈ ਕੇ ਲਾਭ ਲੈ ਸਕਦੇ ਹਨ | ਇਸ ਮੌਕੇ ਕਾਲਜ ਮੈਨੇਜਮੈਂਟ ਦੇ ਰਾਜੀਵ ਮੰਗਲਾ ਵਾਈਸ ਚੇਅਰਮੈਨ, ਵਿੱਕੀ ਸਿੰਘਲ ਜਰਨਲ ਸਕੱਤਰ, ਅਸ਼ਵਨੀ ਕੁਮਾਰ ਖ਼ਜ਼ਾਨਚੀ, ਇੰਦਰਪਾਲ ਗੋਇਲ ਜੋਅਇੰਟ ਸਕੱਤਰ, ਮੋਹਿਤ ਮੰਗਲਾ, ਹਰਭਜਨ ਸਿੰਘ, ਕਾਲਜ ਦੇ ਦਾਖਲਾ ਵਿਭਾਗ ਦੇ ਮੁਖੀ ਪ੍ਰੋਫੈਸਰ ਚਤਿੰਦਰ ਸਿੰਘ, ਪ੍ਰੋਫੈਸਰ ਭਾਵੁਕਤਾ ਸ਼ਰਮਾ, ਪ੍ਰੋ: ਜਸ਼ਨਜੋਤ ਗੋਇਲ, ਪ੍ਰੋ: ਵਿਜੇ ਕੁਮਾਰ, ਪ੍ਰੋ: ਨਵਦੀਪ ਬਾਂਸਲ, ਪ੍ਰੋ: ਮਨਜੀਤ ਕੌਰ, ਪ੍ਰੋ: ਜਾਫ਼ਰ ਖ਼ਾਨ, ਕੁਲਦੀਪ ਸਿੰਘ, ਜਤਿੰਦਰ ਦਾਹੀਆ ਆਦਿ ਹਾਜ਼ਰ ਸਨ |