ਧਨੌਲਾ, 2 ਜੂਨ (ਜਤਿੰਦਰ ਸਿੰਘ ਧਨੌਲਾ)-ਅੱਜ ਸਿੱਖ ਪੰਥ ਦੀਆਂ ਪਰੰਪਰਾਵਾਂ ਅਤੇ ਮਰਿਆਦਾਵਾਂ ਖ਼ਤਮ ਕਰ ਕੇ ਸਮੁੱਚੇ ਪੰਥ ਨੂੰ ਖੇਰੂੰ-ਖੇਰੂੰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਸਿੱਖ ਪੰਥ ਦੇ ਵਾਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਜਥੇਬੰਦਕ ਕਦੇ ਵੀ ਸਫਲ ਨਹੀਂ ਹੋਣ ਦੇਣਗੇ | ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਰਾਮਸਰ ਸਾਹਿਬ ਧਨੌਲਾ ਵਿਖੇ ਰੱਖੀ ਗਈ ਜਥੇਬੰਦਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਣ ਵਾਲਾ ਇਕ ਧੜਾ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਡਟਿਆ ਖੜ੍ਹਾ ਹੈ ਜਦਕਿ ਅਕਾਲ ਤਖ਼ਤ ਦੀ ਨਾ ਮੰਨਣ ਵਾਲਾ ਇਕ ਧੜ੍ਹਾ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਦੀ ਪਿੱਠ ਵਿਚ ਛੁਰਾ ਮਾਰਨ ਲਈ ਯਤਨਸ਼ੀਲ ਹੈ | ਜਥੇਬੰਦਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਲੌਂਗੋਵਾਲ ਨੇ ਆਖਿਆ ਕਿ ਅੱਜ ਜਥੇਬੰਦਕ ਭਰਤੀ ਦਾ ਬਿਗਲ ਵੱਜ ਚੁੱਕਾ ਹੈ ਅਤੇ ਲੋਕ ਬੜੀ ਗੰਭੀਰਤਾ ਨਾਲ ਭਰਤੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਡਟੇ ਹੋਏ ਹਨ | ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀਆਂ ਮਨਮਾਨੀਆਂ ਨੇ ਲੋਕਾਂ ਨੂੰ ਹਾਲੋਂ ਬੇਹਾਲ ਕਰ ਕੇ ਰੱਖ ਦਿੱਤਾ ਹੈ, ਜਿਸ ਲਈ ਉਹ ਦਿਨ ਦੂਰ ਨਹੀਂ ਜਦ ਸ਼੍ਰੋਮਣੀ ਅਕਾਲੀ ਦਲ ਮੁੜ ਪੰਜਾਬ ਦੀ ਅਗਵਾਈ ਕਰਦਾ ਨਜ਼ਰ ਆਵੇਗਾ | ਭਾਈ ਲੌਂਗੋਵਾਲ ਨੇ ਆਖਿਆ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦਿੱਤੀਆਂ ਸਨ | ਪ੍ਰੰਤੂ ਇਸ ਦੀਆਂ ਨੀਤੀਆਂ ਅਤੇ ਜਥੇਬੰਧਕ ਢਾਂਚੇ ਦੀਆਂ ਮਨਮਾਨੀਆਂ ਨੇ ਲੋਕਾਂ ਨੂੰ ਤ੍ਰਾਹ-ਤ੍ਰਾਹ ਕਰਨ ਲਗਾ ਦਿੱਤਾ ਹੈ | ਭਾਈ ਲੌਂਗੋਵਾਲ ਨੇ ਪੁਰਾਣੇ ਵਰਕਰਾਂ ਨੂੰ ਇਕੱਤਰ ਕਰਦਿਆਂ ਜ਼ੋਰ ਦੇ ਕੇ ਆਖਿਆ ਕਿ ਉਹ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਡਟ ਕੇ ਪਹਿਰਾ ਦੇਣ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕਰਨ | ਸ਼੍ਰੋਮਣੀ ਅਕਾਲੀ ਦਲ ਜਥੇਬੰਦੀਆਂ ਨੇ ਹੱਕ ਜਿਤਾ ਕੇ ਮੈਂਬਰਸ਼ਿਪ ਸਲਿੱਪ ਬੁੱਕਾਂ ਵੀ ਪ੍ਰਾਪਤ ਕੀਤੀਆਂ ਅਤੇ ਛੇਤੀ ਢਾਂਚੇ ਦਾ ਵਿਸਥਾਰ ਕਰਨ ਦਾ ਭਰੋਸਾ ਦਿਵਾਇਆ | ਭਾਈ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਧਰਾਤਲ ਤੋਂ ਉਪਜੀ ਪਾਰਟੀ ਹੈ, ਜਿਹੜੀ ਹਮੇਸ਼ਾ ਹਰ ਪੰਜਾਬੀ ਦਾ ਭਲਾ ਚਾਹੁੰਦੀ ਹੈ | ਭਾਈ ਲੌਂਗੋਵਾਲ ਨੇ ਇਕੱਤਰ ਜਥੇਬੰਦਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਫ਼ਤਵਾ ਦਿੰਦੇ ਹੋਏ ਡਟ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਟਕਸਾਲੀ ਆਗੂ ਬੰਤ ਸਿੰਘ ਭੰਗੂ, ਜਤਿੰਦਰ ਸਿੰਘ ਸੋਨੀ ਜੋਗਾ, ਭਾਈ ਗਮਦੂਰ ਸਿੰਘ ਅਕਾਲੀ ਬੰਗੋਹਰ, ਹਰਨਾਮ ਸਿੰਘ, ਜੋਗਿੰਦਰ ਸਿੰਘ, ਹਰਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਅਤੇ ਪਤਵੰਤ ਤੇ ਹਾਜ਼ਰ ਸਨ |