ਤਪਾ ਮੰਡੀ, 5 ਸਤੰਬਰ (ਪ੍ਰਵੀਨ ਗਰਗ)-ਲਗਾਤਾਰ ਪੈ ਰਹੀ ਬਰਸਾਤ ਕਾਰਨ ਪਿੰਡਾਂ 'ਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਐਸ.ਡੀ.ਐਮ. ਤਪਾ ਆਯੂਸ਼ ਗੋਇਲ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣ ਕੇ ਮੌਕੇ 'ਤੇ ਹੀ ਹੱਲ ਕਰਵਾ ਰਹੇ ਹਨ | ਜਿਸ ਤਹਿਤ ਐਸ.ਡੀ.ਐਮ ਗੋਇਲ ਨੇ ਨਜ਼ਦੀਕੀ ਪਿੰਡ ਮਹਿਤਾ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਮੌਕੇ ਪਿੰਡ ਦੇ ਬਾਸ਼ਿੰਦਿਆਂ ਨੇ ਐਸ.ਡੀ.ਐਮ ਤਪਾ ਨੂੰ ਜਾਣੂੰ ਕਰਵਾਇਆ ਕਿ ਬਰਸਾਤ ਕਾਰਨ ਗ਼ਰੀਬ ਪਰਿਵਾਰਾਂ ਦੇ ਕਾਫੀ ਘਰਾਂ 'ਚ ਪਾਣੀ ਰਿਸ ਰਿਹਾ ਹੈ ਅਤੇ ਕਈ ਘਰਾਂ 'ਚ ਤਰੇੜਾਂ ਵੀ ਆ ਗਈਆਂ ਹਨ, ਤੋਂ ਇਲਾਵਾ ਹੋਰ ਸਮੱਸਿਆਵਾਂ ਸਬੰਧੀ ਵਿਸਥਾਰ ਪੂਰਵਕ ਦੱਸਿਆ | ਇਸ ਮੌਕੇ ਐਸ. ਡੀ. ਐਮ ਗੋਇਲ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀ ਸੇਵਾ 'ਚ ਹਰ ਸਮੇਂ ਹਾਜ਼ਰ ਹਨ, ਉਹ ਸਬ-ਡਵੀਜ਼ਨ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਹੋਣ ਦੇਣਗੇ | ਇਸ ਮੌਕੇ ਇਕੱਠੇ ਹੋਏ ਪਿੰਡ ਦੇ ਪਤਵੰਤਿਆਂ ਨੇ ਐਸ.ਡੀ.ਐਮ ਗੋਇਲ ਦਾ ਧੰਨਵਾਦ ਕੀਤਾ | ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ |