ਬਰਨਾਲਾ, 5 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਫ਼ਾਜ਼ਿਲਕਾ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਐਂਬੂਲੈਂਸ ਰਵਾਨਾ ਕੀਤੀ ਗਈ | ਬੀ.ਐਮ.ਸੀ. ਹਸਪਤਾਲ ਦੀ ਇਹ ਐਂਬੂਲੈਂਸ ਫ਼ਾਜ਼ਿਲਕਾ ਦੇ ਹੜ੍ਹ ਪੀੜਤਾਂ ਲਈ ਪੀਣ ਵਾਲਾ ਪਾਣੀ, ਸੈਨਟਰੀ ਨੈਪਕਿਨ, ਬੁਰਸ਼ ਅਤੇ ਪੇਸਟ, ਸਾਬਣ, ਦਸਤਾਨੇ, ਮਾਸਕ ਆਦਿ ਲੈ ਕੇ ਗਈ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਂਬੂਲੈਂਸ 'ਚ ਡਾਕਟਰ, ਨਰਸ ਅਤੇ ਪੈਰਾਮੈਡਿਕ ਸਟਾਫ਼ ਮੈਂਬਰ ਵੀ ਨਾਲ ਗਏ ਹਨ ਤਾਂ ਜੋ ਹੜ੍ਹ ਪੀੜਤਾਂ ਦੀ ਲੋੜ ਅਨੁਸਾਰ ਮਦਦ ਕੀਤੀ ਜਾਵੇ | ਉਨ੍ਹਾਂ ਵਲੋਂ ਸ਼ੂਗਰ, ਵੱਧ ਬਲੱਡ ਪ੍ਰੈਸ਼ਰ, ਚਮੜੀ ਅਤੇ ਹੋਰ ਆਮ ਰੋਗਾਂ ਦੀਆਂ ਦਵਾਈਆਂ ਵੀ ਵੰਡੀਆਂ ਜਾਣਗੀਆਂ | ਕੁੱਲ 90,000 ਰੁਪਏ ਦੀ ਕੀਮਤ ਦਾ ਸਮਾਨ ਨਾਲ ਭੇਜਿਆ ਗਿਆ ਹੈ | ਉਨ੍ਹਾਂ ਨੇ ਹਸਪਤਾਲ ਮੈਨੇਜਮੈਂਟ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹੋਰ ਲੋਕਾਂ ਨੂੰ ਵੀ ਅੱਗੇ ਆ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਬੀ.ਐਮ.ਸੀ. ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ: ਇਸ਼ਾਨ ਬਾਂਸਲ ਵੀ ਮੌਜੂਦ ਸਨ |