ਮਹਿਲ ਕਲਾਂ, 5 ਸਤੰਬਰ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਬਰਨਾਲਾ ਡਾ: ਬਲਜੀਤ ਸਿੰਘ ਦੇ ਨਿਰਦੇਸ਼ਾਂ ਅਤੇ ਸੀ.ਐੱਚ.ਸੀ. ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਮਹਿਲ ਕਲਾਂ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਸਿਹਤ ਟੀਮਾਂ ਵਲੋਂ ਡੇਂਗੂ ਲਾਰਵਾ ਦੀ ਚੈਕਿੰਗ ਕੀਤੀ ਗਈ ਅਤੇ ਲਗਾਤਾਰ ਮੀਂਹ ਦੇ ਚੱਲਦਿਆਂ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡਾਇਰੀਆ, ਪੀਲੀਆ, ਚਮੜੀ ਦੇ ਸੰਕ੍ਰਮਣ ਆਦਿ ਬਾਰੇ ਜਾਗਰੂਕ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਆਈ. ਜਸਵੀਰ ਸਿੰਘ ਨੇ ਕਿਹਾ ਕਿ ਇਸ ਬਰਸਾਤੀ ਮੌਸਮ ਵਿਚ ਪਾਣੀ ਉਬਾਲ ਕੇ ਜਾਂ ਕਲੋਰੀਨ ਯੁਕਤ ਕਰ ਕੇ ਹੀ ਪੀਣਾ ਚਾਹੀਦਾ ਹੈ ਅਤੇ ਉਲਟੀਆਂ ਜਾਂ ਦਸਤ ਹੋਣ ਦੀ ਸੂਰਤ ਵਿਚ ਓ.ਆਰ.ਐਸ. ਘੋਲ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜੋ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਉਪਲਬਧ ਹੈ | ਇਸ ਮੌਕੇ ਬੀ.ਈ.ਈ. ਸ਼ਿਵਾਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਇਕ ਹੀ ਥਾਂ 'ਤੇ ਤਿੰਨ ਤੋਂ ਵੱਧ ਬੁਖ਼ਾਰ, ਸੰਕ੍ਰਮਣ ਜਾਂ ਡਾਇਰੀਆ ਦੇ ਕੇਸ ਹੋਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿਖੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਹੈਲਥ ਵਰਕਰ ਬੂਟਾ ਸਿੰਘ, ਏ.ਐਨ.ਐਮ. ਜਸਵੀਰ ਕੌਰ ਤੇ ਆਸ਼ਾ ਵਰਕਰ ਸੁਮਨ ਰਾਣੀ ਮੌਜੂਦ ਸਨ |