ਮਹਿਲ ਕਲਾਂ, 24 ਸਤੰਬਰ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਮਹਿਲ ਕਲਾਂ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਪਰਮਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ, ਮਹਿਲ ਕਲਾਂ ਵਿਖੇ ਹੋਈ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਉਦੇ ਸਿੰਘ ਹਮੀਦੀ, ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ, ਸੀਨੀ: ਮੀਤ ਪ੍ਰਧਾਨ ਜਸਵਿੰਦਰ ਸਿੰਘ ਛੀਨੀਵਾਲ, ਜਰਨਲ ਸਕੱਤਰ ਅਮਰਜੀਤ ਸਿੰਘ ਭੋਲਾ ਨੇ ਕਿਹਾ ਕਿ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਕੇਂਦਰ ਤੇ ਰਾਜ ਸਰਕਾਰਾਂ ਵਿਰੁੱਧ ਚੱਲ ਰਹੇ ਸੰਘਰਸ਼ਾਂ ਨੂੰ ਮਜ਼ਬੂਤ ਬਣਾਉਣਾ ਹੋਵੇਗਾ | ਆਗੂਆਂ ਨੇ ਸੁਪਰੀਮ ਕੋਰਟ ਵਲੋਂ ਪਰਾਲੀ ਸਾੜਨ ਦੇ ਮਾਮਲੇ ਵਿਚ ਕਿਸਾਨਾਂ ਨੂੰ ਜੇਲ੍ਹ ਬੰਦ ਕਰਨ ਵਾਲੇ ਹੁਕਮਾਂ ਦੀ ਤਿੱਖੀ ਨਿੰਦਾ ਕਰਦਿਆਂ ਪਰਾਲੀ ਪ੍ਰਬੰਧਨ ਦੇ ਠੋਸ ਹੱਲ ਕਰਨ ਦੀ ਮੰਗ ਉਠਾਈ | ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸੀਜ਼ਨ 'ਚ ਆਲੂਆਂ ਦੀ ਫ਼ਸਲ ਦੇ ਬੀਜਣ ਲਈ ਲੋੜੀਂਦੀ ਖਾਦ ਦੀ ਘਾਟ ਦੇ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਜ਼ਰੂਰੀ ਹੈ | ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖਾਦ ਪ੍ਰਾਈਵੇਟ ਦੁਕਾਨਾਂ ਦੀ ਥਾਂ ਸਹਿਕਾਰੀ ਸੁਸਾਇਟੀਆਂ 'ਤੇ ਉਪਲਬਧ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ | ਉਨ੍ਹਾਂ ਨੇ ਨਕਲੀ ਖਾਦ ਅਤੇ ਕੀਟਨਾਸ਼ਕਾਂ ਦੀ ਵਿੱਕਰੀ ਰੋਕਣ ਲਈ ਠੋਸ ਕਦਮ ਪੁੱਟਣ ਅਤੇ ਖੇਤੀਬਾੜੀ ਵਿਭਾਗ ਵਲੋਂ ਹਾੜੀ ਫ਼ਸਲਾਂ ਦੇ ਬੀਜ ਪਹਿਲੀ ਅਕਤੂਬਰ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਦੀ ਮੰਗ ਕੀਤੀ | ਹੜ੍ਹ ਪੀੜਤਾਂ ਦੀ ਸਹਾਇਤਾ ਲਈ ਜਥੇਬੰਦੀ ਵਲੋਂ ਪਿੰਡ ਪੱਧਰੀ ਇਕਾਈਆਂ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣ ਲਈ ਅਪੀਲ ਕੀਤੀ ਗਈ | ਇਸ ਮੌਕੇ ਡਾ: ਸੁਖਦੀਪ ਸਿੰਘ ਗਿੱਲ, ਰਣਜੀਤ ਸਿੰਘ ਕਲਾਲਾ, ਹਰਜਿੰਦਰ ਸਿੰਘ ਦੀਵਾਨਾ, ਕੁਲਦੀਪ ਸਿੰਘ ਹਮੀਦੀ, ਰਾਮ ਸਿੰਘ ਥਿੰਦ, ਜਸਪਾਲ ਸਿੰਘ ਦੀਵਾਨਾ, ਮਨਜੀਤ ਸਿੰਘ ਛਾਪਾ, ਸੁਖਵਿੰਦਰ ਸਿੰਘ ਗੰਗੋਹਰ, ਪਰਮਜੀਤ ਸਿੰਘ, ਮਹਿੰਦਰ ਸਿੰਘ ਮਹਿਲ ਕਲਾਂ, ਕੁਲਦੀਪ ਸਿੰਘ, ਸਤਨਾਮ ਸਿੰਘ ਸਹੌਰ, ਜਸਵਿੰਦਰ ਸਿੰਘ ਵਜੀਦਕੇ, ਅਮਰਜੀਤ ਸਿੰਘ ਬੱਸੀਆਂ ਤੇ ਗੁਰਸੇਵਕ ਸਿੰਘ ਹਮੀਦੀ ਆਦਿ ਹਾਜ਼ਰ ਸਨ |