ਬਰਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਟੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟੀ.ਬੀ. ਮੁਕਤ ਬਰਨਾਲਾ ਮੁਹਿੰਮ ਅਧੀਨ 110 ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਵੰਡੀਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਇੰਡੀਅਨ ਰੈੱਡ ਕਰਾਸ ਸੋਸਾਇਟੀ ਵਲੋਂ ਟੀ.ਬੀ. ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਵੰਡੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਬਰਨਾਲਾ ਅਤੇ ਤਪਾ ਵਿਚ 30-30 ਪੋਸ਼ਣ ਕਿੱਟਾਂ ਅਤੇ ਧਨੌਲਾ ਵਿਚ 50 ਪੋਸ਼ਣ ਕਿੱਟਾਂ ਮਰੀਜ਼ਾਂ ਨੂੰ ਵੰਡੀਆਂ ਗਈਆਂ | ਉਨ੍ਹਾਂ ਦੱਸਿਆ ਕਿ ਇਹ ਕਿੱਟ ਹਰ ਮਹੀਨੇ ਟੀ.ਬੀ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਦੀ ਕਿੱਲਤ ਨਾ ਆਵੇ ਅਤੇ ਉਹ ਛੇਤੀ ਸਿਹਤਯਾਬ ਹੋ ਸਕਣ | ਉਨ੍ਹਾਂ ਕਿਹਾ ਕਿ ਨਿਕਸ਼ੈ ਮਿੱਤਰ ਯੋਜਨਾ ਤਹਿਤ ਇਨ੍ਹਾਂ ਕਿੱਟਾਂ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੀ ਸਹਾਇਤਾ ਲਈ ਜਾ ਰਹੀ ਹੈ | ਜੇਕਰ ਕੋਈ ਜ਼ਿਲ੍ਹਾ ਵਾਸੀ ਕਿੱਟਾਂ ਲਈ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਹ ਸਿਵਲ ਹਸਪਤਾਲ ਬਰਨਾਲਾ ਵਿਚ ਟੀ.ਬੀ. ਕੰਟਰੋਲ ਅਫ਼ਸਰ ਨਾਲ ਸੰਪਰਕ ਕਰ ਸਕਦਾ ਹੈ |