ਸੰਗਰੂਰ, 27 ਸਤੰਬਰ (ਦਮਨਜੀਤ ਸਿੰਘ) - ਬਲਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਇੰਕਲੂਸੀਵ ਐਜੂਕੇਸ਼ਨ ਫ਼ਾਰ ਡਿਸਏਬਲਡ ਪ੍ਰੋਜੈਕਟ ਅਧੀਨ ਗੁਰਮੀਤ ਕੌਰ ਜ਼ਿਲ੍ਹਾ ਰਿਸੋਰਸ ਪਰਸਨ ਦੀ ਅਗਵਾਈ ਹੇਠ ਸੰਗਰੂਰ ਵਿਚ ਇੱਕ ਬਲਾਕ ਪੱਧਰੀ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਲਾਕ ਸੰਗਰੂਰ- 1 ਦੇ ਐਚ ਟੀਜ਼ ਨੂੰ ਸਪੈਸ਼ਲ ਬੱਚਿਆਂ ਨੂੰ ਪ੍ਰੋਜੈਕਟ ਤਹਿਤ ਪਛਾਣਨ, ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਉਣ ਸੰਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਭਾਰਤ ਕਲਿਆਣ ,ਰਾਜਵੀਰ ਕੌਰ ਅਤੇ ਦੀਪਿਕਾ (ਸਾਰੇ ਆਈ ਈ ਆਰ ਟੀ ) ਨੇ ਦੱਸਿਆ ਕਿ ਆਰ. ਪੀ. ਡਬਲਿਊ. ਡੀ. ਐਕਟ 2016 ਅਧੀਨ 21 ਤਰ੍ਹਾਂ ਦੀਆਂ ਸ਼ੇ੍ਰਣੀਆਂ ਨਾਲ ਸੰਬੰਧਿਤ ਬੱਚਿਆਂ ਨੂੰ ਦਿਵਯਾਂਗ ਮੰਨਿਆ ਜਾਂਦਾ ਹੈ ਪਰ ਜਿਨ੍ਹੀ ਦੇਰ ਤੱਕ ਵਿਭਾਗ ਵੱਲੋਂ ਰੱਖੇ ਗਏ ਮਾਹਿਰ ਐੱਚ ਟੀਜ਼ ਅਤੇ ਅਧਿਆਪਕਾਂ ਉਨ੍ਹਾਂ ਨੂੰ ਪਛਾਣ ਨਹੀਂ ਸਕਦੇ ਅਤੇ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਜ਼ਰੂਰਤਾਂ ਨੂੰ ਸਮਝ ਨਹੀਂ ਲੈਂਦੇ ਉਨ੍ਹੀ ਦੇਰ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾ ਸਕਦਾ | ਇਸ ਲਈ ਆਈ ਈ.ਡੀ. ਪ੍ਰੋਜੈਕਟ ਰਾਹੀਂ ਬਲਾਕ ਦੇ ਐੱਚ ਟੀਜ਼ ਨੂੰ ਦਿਵਯਾਂਗ ਬੱਚਿਆਂ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਉਪਰੰਤ ਐੱਚ ਟੀ ਸਰਕਾਰ ਦੇ ਨਿਰਧਾਰਿਤ ਨਿਯਮਾਂ ਮੁਤਾਬਿਕ ਉਨ੍ਹਾਂ ਦਾ ਦਿਵਯਾਂਗਤਾ ਸਰਟੀਫਿਕੇਟ ਬਣਵਾ ਕੇ ਦਿਵਯਾਂਗ ਬੱਚਿਆਂ ਨੂੰ ਜ਼ਰੂਰਤ ਮੁਤਾਬਿਕ ਮੁਫ਼ਤ ਇਲਾਜ ਮੁਹੱਈਆ ਕਰਵਾਉਂਦੇ ਹਨ | ਇਸ ਤੋਂ ਇਲਾਵਾ ਦਿਵਯਾਂਗ ਬੱਚਿਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਪੈਨਸ਼ਨ ਦਿਵਾਉਣਾ, ਮੈਡੀਕਲ ਕੈਂਪ ਲਗਾ ਕੇ ਜ਼ਰੂਰੀ ਸਮਾਨ ਦੇਣਾ ,ਵਜ਼ੀਫ਼ਾ ਦਿਵਾਉਣਾ, ਸਪੈਸ਼ਲ ਬੱਚਿਆਂ ਲਈ ਖੇਡਾਂ ਕਰਵਾਉਣਾ ਅਤੇ ਵਿੱਦਿਅਕ ਟੂਰ ਦਾ ਪ੍ਰਬੰਧ ਕੀਤਾ ਜਾਂਦਾ ਹੈ | ਇਨ੍ਹਾਂ ਹੀ ਨਹੀਂ ਵਿਭਾਗ ਬੱਚਿਆਂ ਦੇ ਮਾਪਿਆਂ ਲਈ ਵੀ ਸਮੇਂ ਸਮੇਂ ਤੇ ਜਾਗਰੂਕਤਾ ਕੈਂਪ ਦਾ ਆਯੋਜਨ ਕਰਦਾ ਹੈ ਤਾਂਕਿ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਬੱਚੇ ਦੇ ਮਾਪੇ ਸਮੇਂ ਤੇ ਸਮਝ ਕੇ ਉਨ੍ਹਾਂ ਨੂੰ ਬੇਹਤਰ ਅਗਵਾਈ ਦੇ ਸਕਣ | ਇਸ ਮੌਕੇ ਉਨ੍ਹਾਂ ਹਰੇਕ ਅਧਿਆਪਕ ਨੂੰ ਪ੍ਰਸ਼ਸ਼ਤ ਐਪ ਡਾਊਨਲੋਡ ਕਰਨ ਦੀ ਹਦਾਇਤ ਕੀਤੀ |