ਅਹਿਮਦਗੜ੍ਹ, 21 ਅਕਤੂਬਰ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਅਹਿਮਦਗੜ੍ਹ ਜੋ ਕਿ ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਹੈ, ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਡਾਕਟਰ ਸੁਨੀਤ ਹਿੰਦ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਦੌਰਾਨ ਸੰਸਥਾ ਦੇ ਸਕੱਤਰ ਤਰਸੇਮ ਗਰਗ ਨੇ ਪ੍ਰਸ਼ਾਸਨ ਤੋਂ ਸ਼ਹਿਰ ਲਈ ਇੱਕ ਫਾਇਰ ਬਿ੍ਗੇਡ ਗੱਡੀ ਸਥਾਈ ਤੌਰ 'ਤੇ ਤਾਇਨਾਤ ਕਰਨ ਦੀ ਮੰਗ ਕੀਤੀ | ਅਹਿਮਦਗੜ੍ਹ ਸ਼ਹਿਰ ਦੀ ਆਬਾਦੀ ਲਗਭਗ 50 ਹਜ਼ਾਰ ਦੇ ਕਰੀਬ ਹੈ | ਸ਼ਹਿਰ ਨੂੰ ਸਬ ਡਿਵੀਜ਼ਨ ਦਾ ਦਰਜਾ ਮਿਲਣ ਦੇ ਬਾਵਜੂਦ ਵੀ ਇਸ ਨੂੰ ਸਬ ਡਿਵੀਜ਼ਨ ਦੀਆਂ ਸੁਵਿਧਾਵਾਂ ਨਹੀਂ ਮਿਲ ਰਹੀਆਂ | ਤਿਉਹਾਰਾਂ ਦੇ ਮੌਕੇ 'ਤੇ ਬਾਜ਼ਾਰਾਂ ਵਿਚ ਬਹੁਤ ਭੀੜ ਰਹਿੰਦੀ ਹੈ, ਅਤੇ ਸ਼ਹਿਰ ਦੇ ਕਈ ਬਾਜ਼ਾਰ ਸੰਕਰੇ ਹਨ | ਦੀਵਾਲੀ ਦੇ ਮੌਕੇ 'ਤੇ ਪਟਾਕਿਆਂ ਕਾਰਨ ਸ਼ਹਿਰ ਵਿਚ ਅੱਗ ਲੱਗਣ ਦੀਆਂ ਅਣਹੋਣੀਆਂ ਘਟਨਾਵਾਂ ਹੋ ਸਕਦੀਆਂ ਹਨ | ਇਸ ਅੱਗ ਨੂੰ ਕਾਬੂ ਕਰਨ ਲਈ ਸ਼ਹਿਰ ਵਿਚ ਅਜੇ ਤਕ ਕੋਈ ਵੀ ਫਾਇਰ ਬਿ੍ਗੇਡ ਦੀ ਸਹੂਲਤ ਨਹੀਂ ਹੈ | ਇਸ ਲਈ ਬਾਹਰਲੇ ਸ਼ਹਿਰਾਂ ਤੋਂ ਫਾਇਰ ਬਿ੍ਗੇਡ ਮੰਗਵਾਉਣੀ ਪੈਂਦੀ ਹੈ, ਜਿਸ ਨੂੰ ਆਉਣ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ | ਜੇ ਕਿਸੇ ਬਾਜ਼ਾਰ ਵਿਚ ਅਜਿਹੀ ਘਟਨਾ ਹੋ ਜਾਏ ਤਾਂ ਦੇਰੀ ਨਾਲ ਫਾਇਰ ਬਿ੍ਗੇਡ ਪਹੁੰਚਣ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ | ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਗਈ ਕਿ ਰਾਤ ਨੂੰ ਬਾਜ਼ਾਰਾਂ ਵਿਚ ਵਾਹਨ ਖੜ੍ਹੇ ਨਾ ਕਰਨ ਦਿੱਤੇ ਜਾਣ, ਤਾਂ ਜੋ ਕਿਸੇ ਐਮਰਜੈਂਸੀ ਵਿਚ ਬਚਾਅ ਕਾਰਜ ਆਸਾਨੀ ਨਾਲ ਕੀਤਾ ਜਾ ਸਕੇ ਸੰਸਥਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਸਥਾਈ ਤੌਰ 'ਤੇ ਇੱਕ ਫਾਇਰ ਬਿ੍ਗੇਡ ਗੱਡੀ ਦੀ ਵਿਵਸਥਾ ਕੀਤੀ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੀ ਕੋਈ ਘਟਨਾ ਵਾਪਰਨ 'ਤੇ ਸਮੇਂ 'ਤੇ ਕਾਬੂ ਪਾਇਆ ਜਾ ਸਕੇ ਤੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ | ਇਸ ਮੌਕੇ 'ਤੇ ਪ੍ਰਧਾਨ ਡਾ. ਸੁਨੀਤ ਹਿੰਦ, ਸਕੱਤਰ ਤਰਸੇਮ ਗਰਗ, ਖ਼ਜ਼ਾਨਚੀ ਸੰਜੇ ਮਿੱਤਲ, ਸੰਯੁਕਤ ਸਕੱਤਰ ਮਨੋਜ ਗਰਗ, ਮੈਨੇਜਰ ਅਰੁਣ ਗੁਪਤਾ, ਸੁਸ਼ੀਲ ਸਿੰਗਲਾ, ਅਨਿਲ ਗੋਇਲ, ਸੁਰਿੰਦਰ ਗੋਇਲ, ਲਲਿਤ ਕੌੜਾ, ਬਲਵਿੰਦਰ ਵਰਮਾ ਹੈਪੀ, ਦੀਪਕ ਗੁਪਤਾ, ਗੋਪਾਲ ਕਿ੍ਸ਼ਨ ਟੋਨੀ, ਪ੍ਰੇਮ ਚੰਦ ਬਬਲਾ, ਗੌਤਮ ਜੈਨ, ਸੰਜੀਵ ਕਰੀਰ ਆਦਿ ਮੈਂਬਰ ਮੌਜੂਦ ਸਨ |