ਭਦੌੜ, 2 ਨਵੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਦਵਿੰਦਰ ਸਿੰਘ ਲੋਟੇ ਅਤੇ ਮੈਡਮ ਤਰਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਭਾਈ ਘਨੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ ਵਲੋਂ ਵਿਸ਼ਵ ਤੰਬਾਕੂ ਮੁਕਤ ਦਿਵਸ ਮਨਾਇਆ ਗਿਆ | ਇਸ ਸਮੇਂ ਵਲੰਟੀਅਰਾਂ ਨੇ ਆਪਣੇ ਭਾਸ਼ਣਾਂ, ਕਵਿਤਾਵਾਂ ਅਤੇ ਰਚਨਾਵਾਂ ਰਾਹੀਂ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ | ਵਲੰਟੀਅਰਾਂ ਨੇ ਚਾਰਟ ਬਣਾਉਣ ਅਤੇ ਸਲੋਗਨ ਰਾਈਟਿੰਗ ਰਾਹੀਂ ਵੀ ਆਪਣੇ ਮਨ ਦੇ ਜਜ਼ਬਾਤ ਖ਼ੂਬਸੂਰਤ ਢੰਗ ਨਾਲ ਪ੍ਰਗਟਾਏ | ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਅਤੇ ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਆਪਣੇ ਸੁਨੇਹੇ ਵਿਚ ਕਿਹਾ ਕਿ ਤੰਬਾਕੂ ਅਨੇਕਾਂ ਬਿਮਾਰੀਆਂ ਦਾ ਕਾਰਕ ਹੈ | ਹਰ ਸਾਲ ਲੱਖਾਂ ਲੋਕ ਤੰਬਾਕੂ ਕਾਰਨ ਅਣਆਈ ਮੌਤ ਮਰ ਰਹੇ ਹਨ | ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਸ ਜਗਤ ਜੂਠ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਹੈ ਜਿਸ 'ਤੇ ਅਮਲ ਕਰਨ ਦੀ ਸਖ਼ਤ ਜ਼ਰੂਰਤ ਹੈ | ਵਾਇਸ ਪਿ੍ੰਸੀਪਲ ਮੈਡਮ ਮੀਨਾ ਜੈਨ ਨੇ ਦੱਸਿਆ ਕਿ ਤੰਬਾਕੂ ਵਿਚ ਨਿਕੋਟੀਨ, ਕਾਰਬਨ ਮੋਨੋਆਕਸਾਈਡ ਵਰਗੇ ਕਈ ਜ਼ਹਿਰੀਲੇ ਤੱਤ ਹੁੰਦੇ ਹਨ ਜੋ ਜਾਨਲੇਵਾ ਸਾਬਤ ਹੁੰਦੇ ਹਨ | ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਵਲੰਟੀਅਰਾਂ ਨੂੰ ਤੰਬਾਕੂ ਸੇਵਨ ਨਾ ਕਰਨ ਦਾ ਅਹਿਦ ਲੈਣ ਦੀ ਸਲਾਹ ਦਿੱਤੀ | ਉਨ੍ਹਾਂ ਕਿਹਾ ਕਿ ਹਰ ਵਲੰਟੀਅਰ ਦਾ ਫ਼ਰਜ਼ ਅਤੇ ਜ਼ਿੰਮੇਵਾਰੀ ਬਣਦੀ ਹੈ ਕਿ ਤੰਬਾਕੂ ਦੇ ਦੁਰ ਪ੍ਰਭਾਵਾਂ ਬਾਰੇ ਸਮਾਜ ਨੂੰ ਚੇਤਨ ਕੀਤਾ ਜਾਵੇ |