ਬਰਨਾਲਾ, 24 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਪੁਰਾਣਾ ਬਾਜ਼ਾਰ ਬਰਨਾਲਾ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ | ਜੋ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਵੱਖ-ਵੱਖ ਬਾਜ਼ਾਰਾਂ, ਕਚਹਿਰੀ ਚੌਂਕ ਤੇ ਹੰਡਿਆਇਆ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਵਿਖੇ ਪਹੁੰਚਿਆ | ਇਸ ਤੋਂ ਬਾਅਦ ਨਗਰ ਕੀਰਤਨ ਹੰਡਿਆਇਆ ਚੌਂਕ ਤੋਂ ਵਾਪਸ ਖੁੱਡੀ ਕਲਾਂ ਅੰਡਰਬਿ੍ਜ ਤੋਂ ਸ਼ਹਿਰ ਬਰਨਾਲਾ ਵਿਚ ਦਾਖ਼ਲ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਵਿਚ ਹਜ਼ੂਰੀ ਰਾਗੀ ਭਾਈ ਜੋਗਾ ਸਿੰਘ, ਹੋਰ ਰਾਗੀ ਅਤੇ ਢਾਡੀ ਜਥਿਆਂ ਵਲੋਂ ਸੰਗਤਾਂ ਗੁਰਬਾਣੀ ਕੀਰਤਨ ਤੇ ਗੁਰਇਤਿਹਾਸ ਸਰਵਣ ਕਰਵਾਇਆ ਗਿਆ | ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਨੌਜਵਾਨ ਸੇਵਾ ਸੁਸਾਇਟੀ ਛੀਨੀਵਾਲ ਕਲਾਂ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵਲੋਂ ਸਹਿਯੋਗ ਦਿੱਤਾ ਗਿਆ | ਨਗਰ ਕੀਰਤਨ ਵਿਚ ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਜਥੇਦਾਰ ਜਰਨੈਲ ਸਿੰਘ ਭੋਤਨਾ, ਤੇਜਿੰਦਰ ਸਿੰਘ ਬੇਦੀ, ਸਾਬਕਾ ਮੈਨੇਜਰ ਹਰਜੀਤ ਸਿੰਘ ਭੱਠਲ, ਦਾਨ ਸਿੰਘ, ਦਰਸ਼ਨ ਸਿੰਘ ਕਾਨੂੰਗੋ, ਗਿਆਨ ਸਿੰਘ ਵਾਲੀਆ, ਰੁਪਿੰਦਰ ਸਿੰਘ ਸੇਠੀ, ਗਿ: ਕਰਮ ਸਿੰਘ ਭੰਡਾਰੀ, ਭੁਪਿੰਦਰ ਸਿੰਘ, ਡਾ. ਸੰਪੂਰਨ ਸਿੰਘ ਟੱੱਲੇਵਾਲੀਆ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਗੁਰਬਚਨ ਸਿੰਘ ਜੱਸਲ, ਗੁਰਜੰਟ ਸਿੰਘ ਸੋਨਾ, ਬੇਅੰਤ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਸੁਖਮਹਿੰਦਰ ਸਿੰਘ ਸੰਧੂ, ਭਾਈ ਸੁਖਦਰਸ਼ਨ ਸਿੰਘ, ਭਾਈ ਜਰਨੈਲ ਸਿੰਘ, ਗੁਰਭੀਤਰ ਸਿੰਘ, ਸੁਰਜੀਤ ਸਿੰਘ ਸੰਧੂ, ਹਰਬੰਸ ਸਿੰਘ ਭੱਠਲ ਜ: ਸਕੱਤਰ ਗੁ: ਸਿੰਘ ਸਭਾ, ਅਜੈਬ ਸਿੰਘ ਜਵੰਧਾ, ਰਾਜਿੰਦਰ ਸਿੰਘ ਦਰਾਕਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਵਾਈ, ਜਿਨ੍ਹਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਭੋਲਾ ਅਤੇ ਹੋਰ ਅਹੁਦੇਦਾਰਾਂ ਵਲੋਂ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ | ਪ੍ਰਧਾਨ ਗੁਰਦੀਪ ਸਿੰਘ ਭੋਲਾ ਨੇ ਦੱਸਿਆ ਕਿ ਮਿਤੀ 25 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਭੋਗ ਉਪਰੰਤ ਸਵੇਰ ਸਮੇਂ ਤੇ ਰਾਤ 7 ਵਜੇ ਵਿਸ਼ੇਸ਼ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿਚ ਪ੍ਰਸਿੱਧ ਰਾਗੀ ਅਤੇ ਢਾਡੀ ਜਥੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ |