ਬਰਨਾਲਾ, 24 ਨਵੰਬਰ (ਅਸ਼ੋਕ ਭਾਰਤੀ)-ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ ਪੰਜਾਬ ਦੇ ਮਰਹੂਮ ਆਗੂ ਸਾਥੀ ਮੱਘਰ ਕੁਲਰੀਆਂ ਸਬੰਧੀ ਯਾਦਗਾਰੀ ਸਮਾਗਮ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਇਆ ਗਿਆ, ਜਿਸ ਵਿਚ ਵਿਚਾਰ ਚਰਚਾ ਦਾ ਵਿਸ਼ਾ 'ਜਲਵਾਯੂ ਤਬਦੀਲੀ ਦਾ ਖੇਤੀਬਾੜੀ ਪੈਦਾਵਾਰ ਉੱਤੇ ਪ੍ਰਭਾਵ ਅਤੇ ਸਾਡੀ ਭੋਜਨ ਸੁਰੱਖਿਆ ਦਾ ਭਵਿੱਖ' ਰੱਖਿਆ ਗਿਆ, ਜਿਸ ਬਾਰੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੇ ਆਲ ਇੰਡੀਆ ਸਕੱਤਰ ਸੁਖਦੇਵ ਸਿੰਘ ਭੁਪਾਲ ਨੇ ਕਿਹਾ ਕਿ ਸਾਡੀ ਭੋਜਨ ਸੁਰੱਖਿਆ ਦਾ ਮਹੱਤਵ ਰਾਸ਼ਟਰੀ ਸੁਰੱਖਿਆ ਤੋਂ ਵੀ ਉੱਚਤਮ ਹੈ | ਹਾਲ ਹੀ ਵਿਚ ਨੀਤੀ ਆਯੋਗ ਵਲੋਂ ਜਾਰੀ ਕੀਤੇ 'ਰੀਇਮੈਜਨਿੰਗ ਐਗਰੀਕਲਚਰ ਰੋਡਮੈਪ' ਉੱਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਹ ਨੀਤੀ ਕਿਸਾਨਾਂ ਨੂੰ ਖੇਤੀ ਕਿੱਤੇ ਵਿਚੋਂ ਬਾਹਰ ਕਰਨ ਅਤੇ ਖੇਤੀਬਾੜੀ ਨੂੰ ਕਾਰਪੋਰੇਟ ਘਰਾਨਿਆਂ ਦੇ ਹਵਾਲੇ ਕਰਨ ਤੋਂ ਵੱਧ ਕੁੱਝ ਨਹੀਂ | ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ ਦੇ ਪ੍ਰਧਾਨ ਮਹਿੰਦਰ ਸਿੰਘ ਭੱਠਲ ਅਤੇ ਜਰਨਲ ਸਕੱਤਰ ਜਗਪਾਲ ਸਿੰਘ ਊਧਾ ਨੇ ਕਿਹਾ ਕਿ ਖੇਤੀ ਦੇ ਰਸਾਇਣਿਕ ਤਰੀਕਾਕਾਰ ਨੇ ਕੰਪਨੀਆਂ ਨੂੰ ਤਾਂ ਮਾਲੋ ਮਾਲ ਕੀਤਾ, ਪਰ ਕਿਸਾਨਾਂ ਦੇ ਸਿਰਾਂ ਉੱਪਰ ਕਰਜ਼ਿਆਂ ਦੀ ਪੰਡ ਨੂੰ ਹੋਰ ਭਾਰੀ ਕਰ ਦਿੱਤਾ ਹੈ | ਉਨ੍ਹਾਂ ਕਾਰਪੋਰੇਟ ਪੱਖੀ ਖੇਤੀ ਦੀ ਥਾਂ ਕੁਦਰਤੀ ਸਹਿਕਾਰੀ ਖੇਤੀ ਨੀਤੀ ਅਪਣਾਉਣ ਲਈ ਉਪਰਾਲੇ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਰਾਜਸਥਾਨ ਤੋਂ ਪਹੁੰਚੇ ਇੰਜੀਨੀਅਰ ਸੱਜਣ ਕੁਮਾਰ ਤੇ ਆਰ.ਕੇ. ਮੇਘਵਾਲ ਨੇ ਕਿਹਾ ਕਿ ਭਰਾ-ਮਾਰੂ ਜੰਗਾਂ ਰੋਕ ਕੇ ਵਿਸ਼ਵ ਸ਼ਾਂਤੀ ਕਾਇਮ ਕੀਤੀ ਜਾਵੇ ਅਤੇ ਦੁਨੀਆਂ ਦਾ ਮਾਨਵੀ ਭਾਈਚਾਰਾ ਬਣਾ ਕੇ ਹਥਿਆਰਾਂ, ਗੋਲਾ-ਬਾਰੂਦ ਅਤੇ ਜੰਗੀ ਸਾਜੋ-ਸਮਾਨ ਉੱਪਰ ਹੋ ਰਹੇ ਖ਼ਰਚ ਨੂੰ ਬੰਦ ਕਰ ਕੇ ਵਾਤਾਵਰਨ ਦੀ ਸੁਰੱਖਿਆ ਤੇ ਗ਼ਰੀਬੀ ਤੇ ਬੇਰੁਜ਼ਗਾਰੀ ਦਾ ਖ਼ਾਤਮਾ ਕੀਤਾ ਜਾਵੇ | ਜੰਮੂ ਕਸ਼ਮੀਰ ਤੋਂ ਆਏ ਦੀਦਾਰ ਸਿੰਘ ਅਤੇ ਦਵਾਰਕਾ ਸ਼ਰਮਾ ਨੇ ਕੁਦਰਤੀ ਖੇਤੀ ਦੇ ਤਜਰਬੇ ਨੂੰ ਸਾਂਝਾ ਕਰਦਿਆਂ ਕਿਹਾ ਕਿ ਹਵਾ ਅਤੇ ਪਾਣੀ ਤੋਂ ਬਾਅਦ ਸ਼ੁੱਧ ਭੋਜਨ ਹੀ ਮਨੁੱਖੀ ਜੀਵਨ ਦਾ ਆਧਾਰ ਹੈ | ਸ਼ੁੱਧ ਭੋਜਨ ਦਾ ਸ੍ਰੋਤ ਮਹਿਜ਼ ਕੁਦਰਤੀ ਖੇਤੀ ਹੀ ਹੈ, ਜਿਸ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ | ਇਸ ਮੌਕੇ ਰੋਹੀ ਸਿੰਘ (ਬੀ.ਕੇ.ਯੂ. ਰਾਜੇਵਾਲ), ਡਾ: ਬਲਵਿੰਦਰ ਸਿੰਘ ਅÏਲਖ, ਡਾ: ਜਗਤਾਰ ਸਿੰਘ ਜੋਗਾ, ਸੁਰਿੰਦਰ ਕੁਮਾਰ (ਸੀ.ਪੀ.ਆਈ ਐੱਮ.ਐੱਲ ਲਿਬਰੇਸ਼ਨ), ਕਰਨੈਲ ਸਿੰਘ ਜਖੇਪਲ (ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫ਼ਾਰਮ), ਸੋਹਣ ਸਿੰਘ ਮਾਝੀ, ਚਮਕੌਰ ਸਿੰਘ ਘੋਲੀਆ, ਗੁਰਦਰਸ਼ਨ ਸਿੰਘ ਖਟੜਾ, ਹਰੀਸ਼ ਚੰਦਰ ਉੱਤਮ, ਮੇਲਾ ਸਿੰਘ ਕੱਟੂ, ਰਮਿੰਦਰ ਪਾਲ ਸਿੰਘ ਠੀਕਰੀਵਾਲਾ, ਗਮਦੂਰ ਕੌਰ ਕੁਲਰੀਆਂ, ਕਰਮਜੀਤ ਕੌਰ ਸ਼ੇਰਪੁਰ, ਗੋਬਿੰਦਰ ਸਿੰਘ ਆਦਿ ਹਾਜ਼ਰ ਸਨ |