ਮਹਿਲ ਕਲਾਂ, 24 ਨਵੰਬਰ (ਅਵਤਾਰ ਸਿੰਘ ਅਣਖੀ)-ਇਤਿਹਾਸਕ ਪਿੰਡ ਬਾਹਮਣੀਆਂ ਦੇ ਜੰਮਪਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਦੱਧਾਹੂਰ ਦੇ ਹੋਣਹਾਰ ਵਿਦਿਆਰਥੀ ਹਰਮਨ ਕੁਮਾਰ ਪੁੱਤਰ ਸੁਰੇਸ਼ ਕੁਮਾਰ ਬਾਹਮਣੀਆਂ ਨੇ 69ਵੀਆਂ ਪੰਜਾਬ ਰਾਜ ਸਕੂਲ ਖੇਡਾਂ ਸਰਕਲ ਕਬੱਡੀ ਅੰਡਰ-17 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਇਨਾਮ ਜਿੱਤ ਕੇ ਸੰਸਥਾ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਹੋਣਹਾਰ ਕਬੱਡੀ ਖਿਡਾਰੀ ਹਰਮਨ ਕੁਮਾਰ ਨੂੰ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਕਿਹਾ ਕਿ ਇਕ ਕਿਰਤੀ ਮਜ਼ਦੂਰ ਪਰਿਵਾਰ ਵਿਚੋਂ ਸਖ਼ਤ ਮਿਹਨਤ ਨਾਲ ਪੰਜਾਬ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਇਸ ਹੋਣਹਾਰ ਕਬੱਡੀ ਖਿਡਾਰੀ ਨੂੰ ਭਵਿੱਖ 'ਚ ਹੋਰ ਮੱਲ੍ਹਾਂ ਮਾਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ | ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੋਣਹਾਰ ਖਿਡਾਰੀਆਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ | ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਨੌਜਵਾਨ ਖਿਡਾਰੀਆਂ ਨੂੰ ਵਿਸ਼ੇਸ਼ ਮੌਕੇ ਦਿੱਤੇ ਗਏ | ਉਨ੍ਹਾਂ ਆਪਣੇ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਵਿਸ਼ਵਾਸ ਦੁਆਇਆ | ਆਪ ਆਗੂ ਰਿੰਕਾ ਕੁਤਬਾ ਬਾਹਮਣੀਆਂ ਨੇ ਜੇਤੂ ਕਬੱਡੀ ਖਿਡਾਰੀ ਹਰਮਨ ਕੁਮਾਰ ਨੂੰ ਵਧਾਈ ਦਿੰਦਿਆਂ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ | ਸਕੂਲ ਇੰਚਾਰਜ ਪਿ੍ੰਸੀਪਲ ਗੁਰਦੀਪ ਸਿੰਘ, ਲੈਕਚਰਾਰ ਹਰਦੀਪ ਸਿੰਘ, ਡੀ.ਪੀ. ਸੁਖਚੈਨ ਸਿੰਘ, ਅਮਨਦੀਪ ਕੌਰ, ਜਗਜੀਤ ਸਿੰਘ, ਮਹਿੰਦਰ ਸਿੰਘ ਬਾਹਮਣੀਆਂ, ਬਲਦੇਵ ਸਿੰਘ ਪੰਧੇਰ, ਪੰਚ ਕੁਲਦੀਪ ਸਿੰਘ, ਹਰਜੀਤ ਸਿੰਘ ਪੰਚ, ਦੀਦਾਰ ਸਿੰਘ, ਦਰਸ਼ਨ ਸਿੰਘ ਬਾਹਮਣੀਆਂ ਆਦਿ ਆਗੂਆਂ ਨੇ ਇਸ ਮਾਣਮੱਤੀ ਪ੍ਰਾਪਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨੌਜਵਾਨ ਖਿਡਾਰੀ ਹਰਮਨ ਕੁਮਾਰ ਉਪਰ ਵੱਡੀਆਂ ਆਸਾਂ ਹਨ | ਉਹ ਕਾਮਨਾ ਕਰਦੇ ਹਨ ਕਿ ਸਖ਼ਤ ਮਿਹਨਤ ਸਦਕਾ ਬੁਲੰਦੀਆਂ ਨੂੰ ਸਰ ਕਰਦਾ ਹੋਇਆ ਇਕ ਦਿਨ ਉੱਚੇ ਅਹੁਦੇ 'ਤੇ ਬਿਰਾਜਮਾਨ ਹੋ ਕੇ ਨਾਂਅ ਰੌਸ਼ਨ ਕਰੇਗਾ |