ਮਹਿਲ ਕਲਾਂ, 5 ਦਸੰਬਰ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ 8 ਦਸੰਬਰ ਨੂੰ ਕੇਂਦਰ ਸਰਕਾਰ ਦੇ ਬਿਜਲੀ ਸੋਧ ਬਿੱਲ ਦੇ ਵਿਰੋਧ ਵਿਚ ਸਬ-ਡਵੀਜ਼ਨ ਪੱਧਰ 'ਤੇ ਧਰਨੇ ਦੀ ਤਿਆਰੀ ਨੂੰ ਲੈ ਕੇ ਪਿੰਡ ਹਮੀਦੀ ਗੁਰਮ, ਗੁੰਮਟੀ ਅਤੇ ਨੰਗਲ ਵਿਚ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਨਾਹਰ ਸਿੰਘ ਗੁੰਮਟੀ, ਜੱਜ ਸਿੰਘ ਗਹਿਲ, ਕੁਲਜੀਤ ਸਿੰਘ ਵਜੀਦਕੇ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਇਹ ਬਿੱਲ ਖਪਤਕਾਰਾਂ, ਕਿਸਾਨਾਂ ਅਤੇ ਬਿਜਲੀ ਕਰਮਚਾਰੀਆਂ ਉੱਤੇ ਵੱਡਾ ਬੋਝ ਪਾਉਂਦਾ ਹੈ | ਜਿਸ ਨਾਲ ਪਿੰਡ ਪੱਧਰ ਦੀਆਂ ਸੇਵਾਵਾਂ ਅਤੇ ਨੌਕਰੀਆਂ ਸਿੱਧੇ ਪ੍ਰਭਾਵਿਤ ਹੋਣਗੀਆਂ | ਇਸੇ ਸੰਦਰਭ ਵਿਚ 8 ਦਸੰਬਰ ਦੇ ਧਰਨਿਆਂ ਨੂੰ ਸਫਲ ਬਣਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਵੰਡ ਕੇ ਹਰੇਕ ਪਿੰਡ ਤੋਂ ਵੱਡੇ ਕਾਫ਼ਲੇ ਤਿਆਰ ਕਰ ਕੇ ਧਰਨੇ ਵਿਚ ਪਹੁੰਚਿਆ ਜਾਵੇ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਵਾਪਸ ਨਹੀਂ ਲੈਂਦੀ ਤਾਂ ਯੂਨੀਅਨ ਰਾਜ ਪੱਧਰ 'ਤੇ ਹੋਰ ਵੱਡਾ ਸੰਘਰਸ਼ ਸ਼ੁਰੂ ਕਰਨ ਤੋਂ ਪਿੱਛੇ ਨਹੀਂ ਹਟੇਗੀ | ਉਨ੍ਹਾਂ ਉਨ੍ਹਾਂ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਵਿਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ |