ਬਰਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਜਿੱਥੇ ਪਹਿਲਾਂ ਕਈ ਵਾਰ ਵੱਖ-ਵੱਖ ਸਰਕਾਰਾਂ ਸਮੇਂ ਟਰੱਸਟ ਦਫ਼ਤਰ ਦੇ ਸਾਹਮਣੇ ਬਣੀ 14.75 ਏਕੜ ਰੋਜ਼ ਐਵੀਨਿਊ (ਟੋਭਾ ਸਕੀਮ) ਜਿਸ ਵਿਚ ਕੋਈ ਵੀ ਰਿਹਾਇਸ਼ ਅਤੇ ਵਸੋਂ ਨਹੀਂ ਹੈ, ਉੱਪਰ ਕਰੋੜਾਂ ਰੁਪਏ ਖ਼ਰਚ ਕਰ ਕੇ ਸਰਕਾਰੀ ਪੈਸੇ ਦੀ ਮੋਟੀ ਬਰਬਾਦੀ ਕੀਤੀ ਜਾ ਚੁੱਕੀ ਹੈ ਉੱਥੇ ਮੌਜੂਦਾ 'ਆਪ' ਸਰਕਾਰ ਦੌਰਾਨ ਵੀ ਹੁਣ ਨਗਰ ਸੁਧਾਰ ਟਰੱਸਟ ਵਲੋਂ ਇਸ ਕਾਲੋਨੀ ਉੱਪਰ ਕਰੋੜਾਂ ਰੁਪਏ ਖ਼ਰਚਣ ਦੀ ਤਿਆਰੀ ਕੀਤੀ ਜਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਸੁਧਾਰ ਟਰੱਸਟ ਵਲੋਂ ਪਿਛਲੀ ਦਿਨੀਂ ਟੈਂਡਰ ਲਗਾਏ ਗਏ ਹਨ ਜਿਨ੍ਹਾਂ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਰੋਜ਼ ਐਵੀਨਿਊ 14.75 ਏਕੜ ਦੇ ਨਾਲ ਭਾਈ ਮਨੀ ਸਿੰਘ ਨਗਰ 25 ਏਕੜ ਵਿਚ ਸੜਕਾਂ ਦੀ ਉਸਾਰੀ ਲਈ 4 ਕਰੋੜ 14 ਲੱਖ ਰੁਪਏ, ਪਾਣੀ ਅਤੇ ਸੀਵਰੇਜ ਪਾਈਪਲਾਈਨ ਲਈ 1 ਕਰੋੜ 7 ਲੱਖ ਰੁਪਏ, ਚਾਰਦੀਵਾਰੀ ਦੀ ਉਸਾਰੀ ਤੇ ਪਾਰਕ ਲਈ 70 ਲੱਖ ਰੁਪਏ ਅਤੇ ਸਟਰੀਟ ਲਾਈਟਾਂ ਲਗਾਉਣ ਲਈ 60 ਲੱਖ ਰੁਪਏ ਦਾ ਟੈਂਡਰ ਲਗਾਇਆ ਗਿਆ ਹੈ | ਇਹ ਟੈਂਡਰ 19 ਦਸੰਬਰ ਨੂੰ ਖੁੱਲ੍ਹਣੇ ਹਨ | ਜ਼ਿਕਰਯੋਗ ਹੈ ਕਿ ਰੋਜ਼ ਐਵੀਨਿਊ 14.75 ਏਕੜ ਸਕੀਮ 1996-97 ਵਿਚ ਬਣਾਈ ਗਈ ਸੀ ਅਤੇ ਇਸ ਕਾਲੋਨੀ ਵਿਚ ਇਕ ਵੀ ਰਿਹਾਇਸ਼ ਨਾ ਹੋਣ ਦੇ ਬਾਵਜੂਦ ਹੁਣ ਤੱਕ ਕਰੋੜਾਂ ਰੁਪਏ ਇਸ ਉੱਪਰ ਖ਼ਰਚੇ ਜਾ ਚੁੱਕੇ ਹਨ | ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਟਰੱਸਟ ਅਧੀਨ ਆਬਾਦੀ ਵਾਲੇ ਖੇਤਰਾਂ ਵਿਚ ਆਉਂਦੀਆਂ ਸੜਕਾਂ, ਜਿਨ੍ਹਾਂ ਦੀ ਹਾਲਤ ਕਾਫ਼ੀ ਮਾੜੀ ਹੋ ਚੁੱਕੀ ਹੈ ਵੱਲ ਸੱਤਾਧਾਰੀ ਧਿਰ ਦੇ ਆਗੂਆਂ ਅਤੇ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਹੈ | ਬੱਸ ਸਟੈਂਡ ਬਰਨਾਲਾ ਦੇ ਬਿਲਕੁਲ ਨਾਲ ਵਾਲੀ ਸੜਕ ਜੋ ਅੱਗੇ ਸੈਂਸੀ ਬਸਤੀ ਨੂੰ ਜਾਂਦੀ ਹੈ, ਜਿਸ ਦੀ ਹਾਲਤ ਕਾਫ਼ੀ ਸਮੇਂ ਤੋਂ ਖ਼ਰਾਬ ਹੈ ਅਤੇ ਸੜਕ ਉੱਪਰ ਵੱਡੇ-ਵੱਡੇ ਟੋਏ ਪੈ ਚੁੱਕੇ ਹਨ, ਨੂੰ ਬਣਾਉਣ ਵੱਲ ਸ਼ਾਇਦ ਕੋਈ ਨਜ਼ਰ ਨਹੀਂ ਹੈ ਜਦੋਂਕਿ ਇਸ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਲੋਕ, ਸੈਂਕੜੇ ਆਟੋ ਰਿਕਸ਼ਾ ਅਤੇ ਹੋਰ ਵਾਹਨਾਂ ਵੱਡੀ ਗਿਣਤੀ ਵਿਚ ਲੰਘਦੇ ਹਨ | ਨਗਰ ਸੁਧਾਰ ਟਰੱਸਟ ਵਲੋਂ ਲਗਾਏ ਗਏ ਉਕਤ ਕਰੋੜਾਂ ਰੁਪਏ ਦੇ ਟੈਂਡਰਾਂ ਤੋਂ ਇਹੀ ਜਾਪਦਾ ਹੈ ਕਿ ਮੌਜੂਦਾ ਸਰਕਾਰ ਨਾਲ ਸਬੰਧਿਤ ਟਰੱਸਟ ਦੇ ਨੁਮਾਇੰਦਿਆਂ ਵਲੋਂ ਵੀ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਦੀ ਤਰ੍ਹਾਂ ਸਿਰਫ਼ ਪੈਸੇ ਦੀ ਬਰਬਾਦੀ ਵੱਲ ਹੀ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਜਿਸ ਜਗ੍ਹਾ ਅਸਲ ਵਿਚ ਕੰਮ ਹੋਣਾ ਜ਼ਰੂਰੀ ਹੈ, ਵੱਲ ਕੋਈ ਨਜ਼ਰ ਹੀ ਨਹੀਂ ਮਾਰੀ ਜਾ ਰਹੀ |
ਨਗਰ ਸੁਧਾਰ ਟਰੱਸਟ ਵਲੋਂ ਲਗਾਏ ਗਏ ਟੈਂਡਰਾਂ ਦੀ ਹੋਣੀ ਚਾਹੀਦੀ ਉੱਚ ਪੱਧਰੀ ਜਾਂਚ-ਗੁਰਦੀਪ ਸਿੰਘ ਬਾਠ
ਜ਼ਿਲ੍ਹਾ ਯੋਜਨਾ ਕਮੇਟੀ ਬਰਨਾਲਾ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਨਗਰ ਸੁਧਾਰ ਟਰੱਸਟ ਵਲੋਂ ਲਗਾਏ ਗਏ ਟੈਂਡਰਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕਰੋੜਾਂ ਰੁਪਏ ਦੇ ਲਗਾਏ ਗਏ ਇਨ੍ਹਾਂ ਟੈਂਡਰਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇੱਥੇ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਸਕੀਮਾਂ ਦੇ ਵਿਕਾਸ ਸਬੰਧੀ ਇਹ ਟੈਂਡਰ ਲਗਾਏ ਗਏ ਹਨ ਅਸਲ ਵਿਚ ਉੱਥੇ ਇੰਨੀ ਜ਼ਿਆਦਾ ਰਕਮ ਖ਼ਰਚ ਹੋਵੇਗੀ ਕਿ ਨਹੀਂ | ਦੂਸਰਾ ਸ: ਬਾਠ ਨੇ ਇਹ ਵੀ ਕਿਹਾ ਕਿ ਲਗਭਗ 30 ਸਾਲ ਬੀਤਣ 'ਤੇ ਜਿਸ ਕਾਲੋਨੀ ਵਿਚ ਇਕ ਵੀ ਰਿਹਾਇਸ਼ ਨਹੀਂ ਹੈ, ਉੱਥੇ ਕਰੋੜਾਂ ਰੁਪਏ ਦਾ ਖਰਚਾ ਕਰਨਾ ਬਿਲਕੁਲ ਵੀ ਜਾਇਜ਼ ਨਹੀਂ ਹੈ ਅਤੇ ਇਹੀ ਪੈਸਾ ਸ਼ਹਿਰ ਵਿਚ ਹੋਣ ਵਾਲੇ ਹੋਰ ਜ਼ਰੂਰੀ ਕੰਮਾਂ ਅਤੇ ਟਰੱਸਟ ਦੀਆਂ ਮਾੜੀ ਹਾਲਤ ਸੜਕਾਂ ਉੱਪਰ ਖ਼ਰਚ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਇਨ੍ਹਾਂ ਟੈਂਡਰਾਂ ਦੀ ਜਾਂਚ ਨਾ ਕੀਤੀ ਤਾਂ ਗਈ ਆਉਣ ਵਾਲੀ ਅਗਲੀ ਸਰਕਾਰ ਵੇਲੇ ਬਰਨਾਲਾ ਵਿਖੇ ਵਿਕਾਸ ਕੰਮਾਂ ਨੂੰ ਲੈ ਕੇ ਸਰਕਾਰੀ ਪੈਸੇ ਦੀ ਹੋਈ ਬਰਬਾਦੀ ਸਬੰਧੀ ਨਿਰਪੱਖ ਤੌਰ 'ਤੇ ਜਾਂਚ ਕਰਵਾ ਕੇ ਬਣਦੀ ਕਾਰਵਾਈ ਕਰਵਾਈ ਜਾਵੇਗੀ |
ਨਗਰ ਸੁਧਾਰ ਟਰੱਸਟ ਵਲੋਂ ਬਿਨਾਂ ਵਸੋਂ ਵਾਲੀ ਕਾਲੋਨੀ ਉੱਪਰ ਇਕ ਵਾਰ ਫ਼ਿਰ ਕਰੋੜਾਂ ਰੁਪਏ ਖ਼ਰਚਣ ਦੀ ਤਿਆਰੀ <br/>
ਅਜੀਤ ਡੈਸਕ
07-12-2025