ਮਹਿਲ ਕਲਾਂ, 17 ਦਸੰਬਰ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਜ਼ੋਨ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ ਗੰਢੂ ਪਤਨੀ ਸਰਪੰਚ ਸਰਬਜੀਤ ਸਿੰਘ ਸ਼ੰਭੂ ਨੇ 2784 ਵੋਟਾਂ ਦੇ ਫ਼ਰਕ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਰਵਿੰਦਰ ਕੌਰ ਬੈਨੀਪਾਲ ਪਤਨੀ ਸੁਖਵਿੰਦਰ ਸਿੰਘ ਸੁੱਖਾ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਇਸ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਪਤਨੀ ਡਾ: ਅਮਰਜੀਤ ਸਿੰਘ ਤੀਜੇ ਸਥਾਨ 'ਤੇ ਰਹੇ | ਜੇਤੂ ਸਰਟੀਫ਼ਿਕੇਟ ਪ੍ਰਾਪਤ ਕਰਨ ਉਪਰੰਤ ਸਰਪੰਚ ਸਰਬਜੀਤ ਸਿੰਘ ਸ਼ੰਭੂ ਅਤੇ ਬੀਬੀ ਕੁਲਦੀਪ ਕੌਰ ਨੇ ਜ਼ਿਲ੍ਹਾ ਪ੍ਰੀਸ਼ਦ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਵੋਟਰਾਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਉਹ ਹਲਕੇ ਦੇ ਲੋਕਾਂ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰਨ ਤਨਦੇਹੀ ਨਾਲ ਨਿਭਾਉਣਗੇ | ਇਸ ਜਿੱਤ ਸਬੰਧੀ ਪਤਾ ਲਗਦਿਆਂ ਹੀ ਵੱਡੀ ਗਿਣਤੀ 'ਚ ਮਹਿਲ ਕਲਾਂ ਤੋਂ ਬਰਨਾਲਾ ਪਹੁੰਚੇ ਲੋਕਾਂ ਨੇ ਬੀਬੀ ਕੁਲਦੀਪ ਕੌਰ ਅਤੇ ਸਰਪੰਚ ਸਰਬਜੀਤ ਸਿੰਘ ਸ਼ੰਭੂ ਨੂੰ ਹਾਰਾਂ ਨਾਲ ਲੱਦ ਕੇ ਸਵਾਗਤ ਕੀਤਾ | ਇਸ ਉਪਰੰਤ ਠਾਠ ਨਾਨਕਸਰ ਮਹਿਲ ਕਲਾਂ ਦੇ ਮੁੱਖ ਸੇਵਾਦਾਰ ਸੰਤ ਕੇਹਰ ਸਿੰਘ, ਬਾਬਾ ਗੁਰਦੀਪ ਸਿੰਘ ਨੇ ਠਾਠ ਨਾਨਕਸਰ ਮਹਿਲ ਕਲਾਂ ਪੁੱਜਣ 'ਤੇ ਬੀਬੀ ਕੁਲਦੀਪ ਕੌਰ ਅਤੇ ਸਰਪੰਚ ਸਰਬਜੀਤ ਸਿੰਘ ਸ਼ੰਭੂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ |