ਮਹਿਲ ਕਲਾਂ, 17 ਦਸੰਬਰ (ਅਵਤਾਰ ਸਿੰਘ ਅਣਖੀ)-ਬਰੌਡਵੇ ਪਬਲਿਕ ਸਕੂਲ ਮਨਾਲ ਵਿਖੇ ਵਿਦਿਆਰਥੀਆਂ 'ਚ ਸਿਹਤ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਦੀ ਸਰਵ ਪੱਖੀ ਭਲਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁਫ਼ਤ ਦੰਦਾਂ ਅਤੇ ਅੱਖਾਂ ਦੀ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਤੀਜੀ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਸੀ.ਐਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਿਰ ਡਾ: ਤਮਨਦੀਪ ਸਿੰਘ ਅਗਵਾਈ ਹੇਠ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਮੂੰਹ ਦੀ ਸਫ਼ਾਈ ਅਤੇ ਦੰਦਾਂ ਦੀ ਸਹੀ ਦੇਖਭਾਲ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ | ਇਸ ਮੌਕੇ ਅੱਖਾਂ ਦੀ ਜਾਂਚ ਦੌਰਾਨ ਅੱਖਾਂ ਦੇ ਮਾਹਿਰ ਡਾ: ਪਲਕ ਵਡੇਰਾ ਸੀ.ਐਮ.ਸੀ. ਲੁਧਿਆਣਾ ਦੀ ਸਹਿਯੋਗੀ ਟੀਮ ਵਲੋਂ ਸਮੂਹ ਵਿਦਿਆਰਥੀਆਂ ਦੀ ਨਜ਼ਰ ਦੀ ਜਾਂਚ ਕੀਤੀ ਗਈ ਅਤੇ ਜ਼ਰੂਰਤ ਅਨੁਸਾਰ ਉਚਿੱਤ ਸਲਾਹ ਦਿੱਤੀ ਗਈ | ਸਕੂਲ ਪ੍ਰਬੰਧਕਾਂ ਵਲੋਂ ਸੀ.ਐਮ.ਸੀ. ਲੁਧਿਆਣਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਮਾਹਿਰ ਡਾਕਟਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਉਨ੍ਹਾਂ ਦੀ ਕੀਮਤੀ ਸੇਵਾ ਦੇ ਸਨਮਾਨ ਵਜੋਂ ਪਿਆਰ ਅਤੇ ਆਦਰ ਦਾ ਨਿਸ਼ਾਨ ਭੇਟ ਕੀਤਾ ਗਿਆ | ਇਸ ਕਾਰਜ ਦੀ ਸਭ ਵਲੋਂ ਪ੍ਰਸੰਸਾ ਕੀਤੀ ਗਈ ਅਤੇ ਇਹ ਵਿਦਿਆਰਥੀਆਂ ਦੀ ਸਿਹਤ ਅਤੇ ਭਲਾਈ ਲਈ ਬਹੁਤ ਲਾਭਦਾਇਕ ਸਾਬਤ ਹੋਇਆ |