ਤਪਾ ਮੰਡੀ, 17 ਦਸੰਬਰ (ਪ੍ਰਵੀਨ ਗਰਗ)-ਪਿਛਲੇ ਦਿਨੀਂ ਜ਼ਿਲ੍ਹਾ ਬਰਨਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਤਨਾਮ ਸਿੰਘ ਰਾਹੀ ਵਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮਾਂ ਤਹਿਤ ਅਕਾਲੀ ਆਗੂਆਂ ਡੋਗਰ ਸਿੰਘ ਉੱਗੋਕੇ ਅਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਭਗਵਾਨ ਸਿੰਘ ਭਾਨਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ | ਜਿਸ 'ਤੇ ਸੀਨੀਅਰ ਟਕਸਾਲੀ ਆਗੂਆਂ ਸੰਦੀਪ ਸਿੰਘ ਸੀਪਾ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਬਰਨਾਲਾ, ਤਰਲੋਚਨ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ ਤਪਾ, ਗੁਰਮੀਤ ਸਿੰਘ ਰੋਡ ਸਾਬਕਾ ਐਮ.ਸੀ. ਤਪਾ, ਜਤਿੰਦਰ ਸਿੰਘ ਗੋਲੂ ਪ੍ਰਧਾਨ ਆਈ.ਟੀ. ਵਿੰਗ ਸ਼ਹਿਣਾ, ਗੁਰਵਿੰਦਰ ਸਿੰਘ ਘੁੰਨਸ ਸਾਬਕਾ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ, ਹਰਦੀਪ ਸਿੰਘ ਛੰਨਾ ਆਦਿ ਨੇ ਸਾਂਝੇ ਤੌਰ 'ਤੇ ਇਨ੍ਹਾਂ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੀ ਸਖ਼ਤ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਉਕਤ ਦੋਵੇਂ ਆਗੂ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਮਿਹਨਤ ਕਰ ਰਹੇ ਹਨ ਅਤੇ ਅÏਖੇ ਸਮੇਂ ਵਿਚ ਵੀ ਪਾਰਟੀ ਲਈ ਵਰਕਰਾਂ ਨੂੰ ਲਾਮਬੰਦ ਕਰਨ ਵਾਸਤੇ ਹਿੱਕ ਡਾਹ ਕੇ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਦੀਆਂ ਆਪ ਹੁਦਰੀਆਂ ਕਾਰਵਾਈਆਂ ਕਾਰਨ ਪਾਰਟੀ ਨੂੰ ਵੱਡੀ ਸੱਟ ਲੱਗੀ ਹੈ, ਪਾਰਟੀ ਪ੍ਰਧਾਨ ਦੇ ਆਦੇਸ਼ਾਂ ਮੁਤਾਬਿਕ ਪਾਰਟੀ ਨੂੰ ਤਕੜਾ ਕਰਨ ਲਈ ਰੁੱਸਿਆ ਨੂੰ ਮਨਾਉਣਾ ਚਾਹੀਦਾ ਹੈ, ਪਰ ਇਹ ਲੀਡਰ ਪਾਰਟੀ ਦੇ ਆਦੇਸ਼ਾਂ ਤੋਂ ਬੇਮੁਖ ਹੋ ਕੇ ਅਤੇ ਆਪਣੇ ਨਿੱਜੀ ਮੁਫਾਦਾਂ ਲਈ ਪਾਰਟੀ ਵਰਕਰਾਂ ਨੂੰ ਆਨੇ ਬਹਾਨੇ ਬਾਹਰ ਦਾ ਰਸਤਾ ਦਿਖਾ ਰਹੇ ਹਨ ਅਤੇ ਆਪਣੀਆਂ ਨਾਕਾਮੀਆਂ ਛਪਾਉਣ ਲਈ ਵਰਕਰਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ | ਇਸ ਕਾਰਵਾਈ ਨੂੰ ਲੈ ਕੇ ਪਾਰਟੀ ਦੇ ਅੰਦਰ ਅਤੇ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ |