ਤਪਾ ਮੰਡੀ, 19 ਦਸੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਇਲਾਕੇ ਅੰਦਰ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਸਾਰਾ ਇਲਾਕਾ ਧੁੰਦ ਦੀ ਚਿੱਟੀ ਚਾਦਰ 'ਚ ਲਿਪਟਿਆ ਰਿਹਾ, ਜਿਸ ਕਾਰਨ ਆਵਾਜਾਈ ਬੇਹੱਦ ਪ੍ਰਭਾਵਿਤ ਹੋ ਰਹੀ ਹੈ ਅਤੇ ਰੋਜ਼ਾਨਾ ਕੰਮਕਾਜ 'ਤੇ ਜਾਣ ਵਾਲਿਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ | ਗੱਡੀਆਂ ਦੇ ਚਾਲਕ ਹਾਦਸਿਆਂ ਤੋਂ ਬਚਣ ਲਈ ਲਾਈਟਾਂ ਜਗਾ ਕੇ ਚੱਲ ਰਹੇ ਹਨ | ਸਕੂਲੀ ਵੈਨਾਂ ਤੇ ਬੱਸਾਂ ਵੀ ਨਿਰਧਾਰਿਤ ਸਮਿਆਂ ਤੋਂ ਲੇਟ ਹੋ ਰਹੀਆਂ ਹਨ | ਠੰਢ ਨੇ ਵੀ ਜ਼ੋਰ ਫੜ੍ਹ ਲਿਆ ਹੈ | ਸੰਘਣੀ ਧੁੰਦ ਨੇ ਸ਼ਹਿਰੀ ਖੇਤਰਾਂ 'ਚ ਵੀ ਆਪਣਾ ਰੰਗ ਵਿਖਾਇਆ, ਜਿਸ ਨੇ ਲੋਕਾਂ ਨੂੰ ਧੂਣੀਆਂ ਸੇਕਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਦੁਕਾਨਾਂ ਤੇ ਗ੍ਰਾਹਕਾਂ ਦੀ ਵੀ ਕਮੀ ਆਈ ਹੈ | ਸੜਕਾਂ ਦੇ ਬਾਹਰ ਨੇੜੇ ਤੋਂ ਵੀ ਕੁੱਝ ਵਿਖਾਈ ਨਹੀਂ ਦਿੰਦਾ | ਧੁੰਦ ਕਾਰਨ ਪਿੰਡਾਂ ਦੀਆਂ ਲਿੰਕ ਸੜਕਾਂ ਜਿੱਥੇ ਸੇਮ ਨਾਲਿਆਂ ਤੇ ਸੂਇਆਂ ਦੇ ਪੁਲ ਘੋਨੇ ਹਨ ਤੇ ਕਿਸੇ ਪਾਸੇ ਐਂਗਲਾਂ ਨਹੀਂ ਲੱਗੀਆਂ, ਉਨ੍ਹਾਂ ਸੜਕਾਂ 'ਤੇ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ | ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪਾਸੇ ਉਚੇਚਾ ਧਿਆਨ ਦਿੱਤਾ ਜਾਵੇ |