ਬਰਨਾਲਾ, 19 ਦਸੰਬਰ (ਅਸ਼ੋਕ ਭਾਰਤੀ)-ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਸੱਦੇ 'ਤੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਜ਼ਿਲੇ੍ਹ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਹੋਈ | ਇਸ ਮੌਕੇ ਸਭਾ ਦੇ ਸੂਬਾ ਸਕੱਤਰ ਪਿ੍ਤਪਾਲ ਸਿੰਘ ਮੰਡੀ ਕਲਾਂ ਨੇ ਕਿਹਾ ਕਿ ਦੁਨੀਆ ਭਰ ਦੇ ਲੋਕਾਂ ਦੇ ਦਬਾਅ ਹੇਠ 10 ਦਸੰਬਰ 1948 ਨੂੰ ਯੂ.ਐਨ.ਓ ਨੇ 'ਮਨੁੱਖੀ ਅਧਿਕਾਰਾਂ ਦਾ ਸਰਬਵਿਆਪੀ ਐਲਾਨਨਾਮਾ' ਜਾਰੀ ਕੀਤਾ ਜਿਸ ਵਿਚ ਉਹ ਘੱਟੋ ਘੱਟ ਅਧਿਕਾਰ ਸ਼ਾਮਿਲ ਕੀਤੇ ਹੋਏ ਹਨ ਜਿਹੜੇ ਕਿਸੇ ਵੀ ਸ਼ਾਸਨ ਪ੍ਰਣਾਲੀ ਹੇਠ ਰਹਿਣ ਵਾਲੇ ਦੁਨੀਆ ਦੇ ਹਰ ਸ਼ਖ਼ਸ ਨੂੰ ਇਕ ਮਨੁੱਖ ਹੋਣ ਦੇ ਨਾਤੇ ਉਪਲਬਧ ਹਨ | ਪ੍ਰੰਤੂ ਅੱਜ ਇਨ੍ਹਾਂ ਮੁੱਢਲੇ ਪੱਧਰ ਦੇ ਮਨੁੱਖੀ ਅਧਿਕਾਰਾਂ ਨੂੰ ਪੈਰਾਂ ਹੇਠ ਰੋਲਿਆ ਜਾ ਰਿਹਾ ਹੈ | ਅੱਜ ਫਲਸਤੀਨ ਵਿਚ ਸ਼ਰੇ੍ਹਆਮ ਨਸਲਕੁਸ਼ੀ ਕੀਤੀ ਜਾ ਰਹੀ ਹੈ | ਭਾਰਤ, ਜੋ ਕਿ ਇਸ ਐਲਾਨਮਾਨੇ ਦੇ ਮੁੱਢਲੇ ਹਸਤਾਖਰੀਆਂ ਵਿਚ ਸ਼ਾਮਿਲ ਸੀ, ਦੇਸ਼ ਦੇ ਆਦਿਵਾਸੀ ਲੋਕਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕਤਲੇਆਮ ਕਰ ਰਿਹਾ ਹੈ | ਉਦਾਰੀਕਰਣ-ਸੰਸਾਰੀਕਰਣ-ਨਿੱਜੀਕਰਣ ਦੀਆਂ ਨੀਤੀਆਂ ਲਾਗੂ ਕਰ ਕੇ ਲੋਕਾਂ ਤੋਂ ਰੁਜ਼ਗਾਰ, ਸਿੱਖਿਆ ਤੇ ਸਿਹਤ ਆਦਿ ਦੇ ਮੁੱਢਲੇ ਅਧਿਕਾਰ ਖੋਹੇ ਜਾ ਰਹੇ ਹਨ | ਮਨੁੱਖੀ ਅਧਿਕਾਰਾਂ ਤੋਂ ਇਲਾਵਾ, ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ, ਸਾਨੂੰ ਸੰਘਰਸ਼ ਕਰਨ ਦੇ ਜਮਹੂਰੀ ਅਧਿਕਾਰ ਵੀ ਹਾਸਲ ਹਨ ਪ੍ਰੰਤੂ ਭਾਰਤ ਸਰਕਾਰ ਇਨ੍ਹਾਂ ਅਧਿਕਾਰਾਂ ਦਾ ਵੀ ਘਾਣ ਕਰ ਰਹੀ ਹੈ | ਜਮਹੂਰੀ ਕਾਰਕੁਨਾਂ ਵਿਰੁੱਧ ਯੂ.ਏ.ਪੀ.ਏ ਵਰਗੇ ਕਾਲੇ ਕਾਨੂੰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ | ਅਨੇਕਾਂ ਜਮਹੂਰੀ ਕਾਰਕੁਨ, ਬਿਨਾਂ ਮੁਕੱਦਮਾ ਚਲਾਏ, ਸਾਲਾਂਬੱਧੀ ਜੇਲ੍ਹਾਂ ਵਿਚ ਬੰਦ ਕਰ ਰੱਖੇ ਹਨ | ਸੂਬਾ ਕਮੇਟੀ ਵਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਜਾਵੇਗਾ | ਜਿਸ ਵਿਚ ਉੱਘੇ ਗਾਂਧੀਵਾਦੀ ਨੇਤਾ ਤੇ ਜਮਹੂਰੀ ਕਾਰਕੁਨ ਹਿਮਾਂਸ਼ੂ ਕੁਮਾਰ ਸੰਬੋਧਨ ਕਰਨਗੇ | ਇਸ ਮੌਕੇ ਸਭਾ ਦੀ ਬਰਨਾਲਾ ਇਕਾਈ ਦੇ ਪ੍ਰਧਾਨ ਸੋਹਣ ਸਿੰਘ ਮਾਝੀ, ਸਕੱਤਰ ਬਿਕਰ ਸਿੰਘ ਅÏਲਖ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਸਾਬਕਾ ਡਿਪਟੀ ਡਾਇਰੈਕਟਰ (ਸਿਹਤ) ਡਾ: ਜਸਬੀਰ ਸਿੰਘ ਅÏਲਖ, ਸੁਪਰਡੈਂਟ ਸਰਵਨ ਸਿੰਘ ਕਾਲਾਬੂਲਾ, ਹਰਮੀਤ ਸਿੰਘ ਬੀਕੇਯੂ ਡਕੌਂਦਾ, ਮਜ਼ਦੂਰ ਆਗੂ ਹਰਮਨਜੀਤ ਸਿੰਘ, ਪੈਨਸ਼ਨਰ ਯੂਨੀਅਨ ਦੇ ਆਗੂ ਗੁਰਨਾਮ ਸਿੰਘ, ਬੀਕੇਯੂ ਕ੍ਰਾਂਤੀਕਾਰੀ ਦੇ ਸੁਖਦੇਵ ਸਿੰਘ ਜੱਟ, ਹਰਚਰਨ ਸਿੰਘ ਚਹਿਲ ਪ੍ਰੈਸ ਸਕੱਤਰ ਆਦਿ ਆਗੂ ਹਾਜ਼ਰ ਸਨ |