ਮਹਿਲ ਕਲਾਂ, 21 ਦਸੰਬਰ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਵਿਖੇ ਭਾਈ ਲਾਲੋ ਪੰਜਾਬੀ ਮੰਚ ਦੀ ਅਗਵਾਈ ਹੇਠ ਮਜ਼ਦੂਰਾਂ ਵਲੋਂ ਕੇਂਦਰ ਅਤੇ ਰਾਜ ਸਰਕਾਰ ਦੇ ਲੋਕ ਮਾਰੂ ਫ਼ੈਸਲਿਆਂ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ | ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖ਼ਿਆਲੀ ਦੀ ਅਗਵਾਈ ਹੇਠ ਮਹਿਲ ਕਲਾਂ ਵਿਖੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਦਾ ਨਾਂਅ ਬਦਲਣ ਅਤੇ ਬਿਜਲੀ ਸੋਧ ਬਿੱਲ 2025 ਲਾਗੂ ਕਰਨ ਦੇ ਫ਼ੈਸਲਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਮਜ਼ਦੂਰਾਂ ਨੇ ਕੇਂਦਰ ਅਤੇ ਰਾਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਲੋਕ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਫ਼ੈਸਲਿਆਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ | ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਸਕੀਮ ਦਾ ਨਾਂਅ ਬਦਲ ਕੇ ਜੈ ਰਾਮ ਰੱਖਣਾ ਸਿਰਫ਼ ਨਾਂਅ ਬਦਲਣ ਤੱਕ ਸੀਮਤ ਨਹੀਂ, ਸਗੋਂ ਇਸ ਰਾਹੀਂ ਆਉਣ ਵਾਲੇ ਸਮੇਂ ਵਿਚ ਮਨਰੇਗਾ ਵਰਗੀ ਮਜ਼ਦੂਰ ਪੱਖੀ ਸਕੀਮ ਨੂੰ ਖ਼ਤਮ ਕਰਨ ਦੀਆਂ ਵਿਉਂਤ ਬੰਦੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਗ਼ਰੀਬ, ਮਜ਼ਦੂਰ ਅਤੇ ਬੇਰੁਜ਼ਗਾਰ ਵਰਗ ਦੇ ਹੱਕਾਂ 'ਤੇ ਸਿੱਧਾ ਹਮਲਾ ਹੈ | ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ 2025 ਲਾਗੂ ਕਰ ਕੇ ਕੇਂਦਰ ਸਰਕਾਰ ਵਲੋਂ ਬਿਜਲੀ ਖੇਤਰ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਘਰਾਨਿਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਆਮ ਲੋਕਾਂ, ਮਜ਼ਦੂਰਾਂ ਅਤੇ ਮੁਲਾਜ਼ਮ ਵਰਗ 'ਤੇ ਮਹਿੰਗਾਈ ਦਾ ਭਾਰੀ ਬੋਝ ਪਵੇਗਾ | ਇਹ ਫ਼ੈਸਲੇ ਆਉਣ ਵਾਲੇ ਸਮੇਂ ਵਿਚ ਹਰ ਵਰਗ ਲਈ ਘਾਤਕ ਸਾਬਤ ਹੋਣਗੇ | ਆਗੂਆਂ ਐਲਾਨ ਕੀਤਾ ਕਿ ਕੇਂਦਰ ਅਤੇ ਰਾਜ ਸਰਕਾਰ ਦੇ ਲੋਕ ਮਾਰੂ ਫ਼ੈਸਲਿਆਂ ਖ਼ਿਲਾਫ਼ ਭਾਈ ਲਾਲੋ ਪੰਜਾਬੀ ਮੰਚ ਵਲੋਂ ਪਿੰਡ-ਪਿੰਡ ਜਾ ਕੇ ਮਜ਼ਦੂਰਾਂ ਨੂੰ ਜਾਗਰੂਕ ਕੀਤਾ ਜਾਵੇਗਾ | ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰੇ ਤੇ ਹੋਰ ਸੰਘਰਸ਼ੀ ਪ੍ਰੋਗਰਾਮ ਉਲੀਕੇ ਜਾਣਗੇ | ਉਨ੍ਹਾਂ ਮਜ਼ਦੂਰ ਵਰਗ ਨੂੰ ਸਰਕਾਰਾਂ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਲਾਮਬੰਦ ਹੋਣ ਦੀ ਅਪੀਲ ਕੀਤੀ |