ਮਹਿਲ ਕਲਾਂ, 22 ਦਸੰਬਰ (ਅਵਤਾਰ ਸਿੰਘ ਅਣਖੀ)-ਕਾਂਗਰਸ ਪਾਰਟੀ ਕੇਂਦਰ ਸਰਕਾਰ ਵਲੋਂ ਮਨਰੇਗਾ ਦਾ ਨਾਂਅ ਬਦਲ ਕੇ ਖ਼ਤਮ ਕਰਨ ਦੀਆਂ ਵਿਉਤਬੰਦੀਆਂ ਨੂੰ ਕਿਸੇ ਵੀ ਹਾਲਤ ਵਿਚ ਸਫਲ ਨਹੀਂ ਹੋਣ ਦੇਵੇਗੀ | ਇਹ ਪ੍ਰਗਟਾਵਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਗੁਰਮੇਲ ਸਿੰਘ ਮੌੜ ਨੇ ਕੀਤਾ | ਉਨ੍ਹਾਂ ਕਿਹਾ ਖੇਤੀਬਾੜੀ ਕਿਤੇ 'ਚ ਮਸ਼ੀਨੀਕਰਨ ਹੋਣ ਕਰ ਕੇ ਹੁਣ ਗ਼ਰੀਬ ਮਜ਼ਦੂਰ ਪਰਿਵਾਰਾਂ ਕੋਲ ਰੁਜ਼ਗਾਰ ਦਾ ਸਾਧਨ ਸਿਰਫ਼ ਮਨਰੇਗਾ ਹੀ ਬਚਿਆ ਹੈ | ਪਰ ਕੇਂਦਰ ਸਰਕਾਰ ਵਲੋਂ ਇਸ ਦਾ ਨਾਂਅ ਬਦਲ ਕੇ ਰੱਖਣ ਨਾਲ ਭਲਾ ਗ਼ਰੀਬ ਵਰਗ ਨੂੰ ਕੀ ਫ਼ਾਇਦਾ ਹੋਵੇਗਾ | ਇਸ ਵੇਲੇ ਲੋੜ ਤਾਂ ਮਹਿੰਗਾਈ ਦੇ ਹਿਸਾਬ ਨਾਲ ਦਿਹਾੜੀ ਵਧਾਉਣ, ਪੂਰਾ ਸਾਲ 365 ਦਿਨ ਰੁਜ਼ਗਾਰ ਯਕੀਨੀ ਬਣਾਉਣ ਦਾ ਸੀ, ਪਰ ਸਮੇਂ ਦੇ ਹਾਕਮਾਂ ਵਲੋਂ ਮਜ਼ਦੂਰ ਮਾਰੂ ਹੋਣ ਦਾ ਸਬੂਤ ਦਿੰਦਿਆਂ ਇਸ ਨੂੰ ਹੌਲੀ-ਹੌਲੀ ਖ਼ਤਮ ਕਰਨ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ ਤਾਂ ਜੋ ਮਜ਼ਦੂਰ ਵਰਗ ਦਾ ਕਚੂਮਰ ਕੱਢਿਆ ਜਾ ਸਕੇ | ਉਨ੍ਹਾਂ ਕਿ ਸੂਬਾ ਸਰਕਾਰ ਵਲੋਂ ਵੀ ਮਜ਼ਦੂਰ ਵਰਗ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਲੋਕਾਂ ਉਪਰ ਜਬਰ ਜ਼ੁਲਮ ਕਰ ਕੇ ਡੰਡੇ ਦੇ ਜ਼ੋਰ ਨਾਲ ਦਬਾਉਣ ਦਾ ਭਰਮ ਪਾਲਿਆ ਜਾ ਰਿਹਾ ਹੈ | ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਮਨਰੇਗਾ ਮੁੱਦੇ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ ਹੈ | ਸੀਨੀਅਰ ਕਾਂਗਰਸੀ ਆਗੂ ਮੌੜ ਨੇ ਸਮੂਹ ਮਜ਼ਦੂਰ ਵਰਗ ਨੂੰ ਕਾਂਗਰਸ ਦੀ ਅਗਵਾਈ ਹੇਠ ਲਾਮਬੰਦ ਹੋ ਕੇ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ |