ਮਹਿਲ ਕਲਾਂ, 24 ਦਸੰਬਰ (ਅਵਤਾਰ ਸਿੰਘ ਅਣਖੀ)-ਕਲਗ਼ੀਧਰ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜ਼ਰ ਕੌਰ ਜੀ ਅਤੇ ਚਾਰੇ ਸਾਹਿਬਜ਼ਾਦਿਆਂ, ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਦੂਸਰਾ ਵਿਸ਼ਾਲ ਖ਼ੂਨਦਾਨ ਕੈਂਪ 26 ਦਸੰਬਰ ਨੂੰ ਸਵੇਰੇ 9 ਵਜੇ ਤੋਂ ਨੇੜੇ ਬੱਸ ਸਟੈਂਡ ਮਹਿਲ ਕਲਾਂ ਵਿਖੇ ਲਗਾਇਆ ਜਾ ਰਿਹਾ ਹੈ | ਪ੍ਰਬੰਧਕ ਗੁਰਮੀਤ ਸਿੰਘ ਢਿੱਲੋਂ, ਮਨਦੀਪ ਸਿੰਘ ਧਾਲੀਵਾਲ, ਹਰਬੰਸ ਸਿੰਘ ਬਦੇਸ਼ਾ, ਗੁਰਪ੍ਰੀਤ ਸਿੰਘ ਗਿੱਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਕੈਂਪ ਦੀ ਅਰੰਭਤਾ ਡੀ.ਐਸ.ਪੀ. ਮਹਿਲ ਕਲਾਂ ਜਸਪਾਲ ਸਿੰਘ ਧਾਲੀਵਾਲ, ਪੁਲਿਸ ਥਾਣਾ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਵਲੋਂ ਖ਼ੂਨਦਾਨੀਆਂ ਨੂੰ ਆਸ਼ੀਰਵਾਦ ਦੇ ਕੇ ਸਾਂਝੇ ਤੌਰ 'ਤੇ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸਿਵਲ ਹਸਪਤਾਲ ਬਰਨਾਲਾ ਦੀ ਬਲੱਡ ਬੈਂਕ ਟੀਮ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰੇਗੀ | ਪ੍ਰਬੰਧਕਾਂ ਵਲੋਂ ਇਸ ਮੌਕੇ ਖ਼ੂਨਦਾਨੀਆਂ ਤੋਂ ਇਲਾਵਾ ਸਮਾਜ ਸੇਵਾ ਨੂੰ ਸਮਰਪਿਤ ਸ਼ਖ਼ਸੀਅਤਾਂ, ਸੜਕ ਸੁਰੱਖਿਆ ਫੋਰਮ ਦੇ ਏ.ਐਸ.ਆਈ. ਜਗਮੋਹਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਉਨ੍ਹਾਂ ਸਮੂਹ ਖ਼ੂਨਦਾਨੀਆਂ, ਨੌਜਵਾਨ ਵਰਗ ਨੂੰ ਇਸ ਵਿਸ਼ਾਲ ਖ਼ੂਨਦਾਨ ਕੈਂਪ ਦੀ ਸਫਲਤਾ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ |