ਮਹਿਲ ਕਲਾਂ, 24 ਦਸੰਬਰ (ਅਣਖੀ)-ਪਿੰਡ ਛੀਨੀਵਾਲ ਕਲਾਂ ਵਿਖੇ ਭੱਠਾ ਮਜ਼ਦੂਰਾਂ ਵਲੋਂ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਸੀਟੂ ਦੀ ਅਗਵਾਈ ਹੇਠ ਤਿੱਖਾ ਰੋਸ ਪ੍ਰਗਟ ਕਰਦਿਆਂ ਰੱਦ ਕੀਤੇ ਗਏ 29 ਕਿਰਤ ਕਾਨੂੰਨਾਂ ਅਤੇ ਮਨਰੇਗਾ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ | ਸੀਟੂ ਸੂਬਾ ਆਗੂ ਸਾਥੀ ਮਾਨ ਸਿੰਘ ਗੁਰਮ, ਪ੍ਰੀਤਮ ਸਿੰਘ ਸਹਿਜੜਾ, ਸਰਬਜੀਤ ਸਿੰਘ ਨੇ ਕਿਹਾ ਕਿ ਰਾਜ ਸੱਤਾ 'ਤੇ ਕਾਬਜ਼ ਕਾਰਪੋਰੇਟ-ਫ਼ਿਰਕੂ ਗੱਠਜੋੜ ਦੀ ਸਰਕਾਰ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਵਲੋਂ ਸਾਲਾਂ ਦੇ ਸੰਘਰਸ਼ਾਂ ਤੇ ਕੁਰਬਾਨੀਆਂ ਨਾਲ ਹਾਸਲ ਕੀਤੇ ਹੱਕਾਂ ਨੂੰ ਖੋਹਣ ਲਈ ਤਰਲੋ ਮੱਛੀ ਹੋ ਰਹੀ ਹੈ, ਤਾਂ ਜੋ ਆਪਣੇ ਰਾਜ ਸੱਤਾ ਦੇ ਜੋਟੀਦਾਰ ਵੱਡੇ ਭਾਰਤੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਨਿਆਂ ਨੂੰ ਕਿਰਤੀ ਜਮਾਤ ਦੀ ਮਿਹਨਤ ਨੂੰ ਮਨਮਰਜ਼ੀ ਨਾਲ ਲੁੱਟਣ ਦੀ ਖੁੱਲ੍ਹ ਮਿਲ ਸਕੇ | ਉਨ੍ਹਾਂ ਕਿਹਾ ਕਿ 29 ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਕੇ ਚਾਰ ਨਵੇਂ ਲੇਬਰ ਕੋਡ ਲਾਗੂ ਕਰਨਾ ਅਤੇ ਬਿਜਲੀ ਸੋਧ ਬਿੱਲ ਤੇ ਬੀਜ ਬਿੱਲਾਂ ਨੂੰ ਕਾਨੂੰਨ ਬਣਾਉਣ ਦੀ ਧੱਕੜ ਰਾਜਨੀਤੀ ਮੋਦੀ ਸਰਕਾਰ ਦੀ ਅਸਲੀ ਨੀਅਤ ਨੂੰ ਚਿੱਟੇ ਦਿਨ ਵਾਂਗ ਦੇਸ਼ ਅਤੇ ਦੁਨੀਆ ਭਰ ਦੀ ਕਿਰਤੀ ਜਮਾਤ ਦੇ ਸਾਹਮਣੇ ਬੇਨਕਾਬ ਕਰ ਰਹੀ ਹੈ | ਸੀਟੂ ਆਗੂਆਂ ਨੇ ਕਿਹਾ ਕਿ ਕੇਂਦਰ ਦੀਆਂ ਕਿਰਤੀ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਪੰਜਾਬ ਸਰਕਾਰ ਵੀ ਰਾਜ ਅੰਦਰ ਲਾਗੂ ਕਰਨ ਦੇ ਰਾਹ 'ਤੇ ਤੁਰ ਰਹੀ ਹੈ, ਜਿਸ ਖ਼ਿਲਾਫ਼ ਸੰਘਰਸ਼ ਨੂੰ ਤੇਜ਼ ਅਤੇ ਲਗਾਤਾਰ ਬਣਾਈ ਰੱਖਣ ਲਈ ਮਜ਼ਦੂਰਾਂ ਨੂੰ ਆਪਣੀ ਜਥੇਬੰਦਕ ਤਾਕਤ ਮਜ਼ਬੂਤ ਕਰਦਿਆਂ ਵਿਸ਼ਾਲ ਲਾਮਬੰਦੀ ਲਈ ਅੱਗੇ ਆਉਣਾ ਸਮੇਂ ਦੀ ਮੁੱਖ ਲੋੜ ਹੈ |