ਸ਼ਹਿਣਾ, 26 ਦਸੰਬਰ (ਸੁਰੇਸ਼ ਗੋਗੀ)-ਪੱਖੋ ਕੈਂਚੀਆਂ ਦੇ ਮੋਗਾ ਰੋਡ 'ਤੇ ਨੈਸ਼ਨਲ ਹਾਈਵੇ 'ਤੇ ਖੜ੍ਹਾ ਗੰਦਾ ਪਾਣੀ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਜ਼ਿਕਰਯੋਗ ਹੈ ਕਿ ਉਕਤ ਗੰਦਾ ਪਾਣੀ ਪ੍ਰਮੱੁਖ ਸੜਕ ਨੂੰ ਜੋੜਦੇ ਟੋਟੇ 'ਤੇ ਪੈਣ ਕਾਰਨ ਆਮ ਸਾਧਨਾ ਦਾ ਲੰਘਣਾ ਵੀ ਔਖਾ ਹੋ ਰਿਹਾ ਹੈ | ਪੱਖੋ ਕੈਂਚੀਆਂ ਦੇ ਵਾਰਡ ਨੰ: 1 ਦੇ ਸਾਬਕਾ ਪੰਚ ਲਛਮਣ ਰਾਜਸਥਾਨੀ ਨੇ ਦੱਸਿਆ ਕਿ ਇਸ ਵਾਰਡ ਵਿਚ ਨਿਕਾਸੀ ਨਾਲੀਆਂ ਬਣੀਆਂ ਹੋਈਆਂ ਹਨ, ਪਰ ਨਿਕਾਸੀ ਨਾਲੇ ਜੋ ਪੀ.ਡਬਲਯੂ.ਡੀ ਮਹਿਕਮੇ ਨੇ ਬਣਾਏ ਸਨ | ਉਨ੍ਹਾਂ ਨਾਲਿਆਂ ਨੂੰ ਦੁਕਾਨਦਾਰਾਂ ਨੇ ਬੰਦ ਕਰ ਰੱਖਿਆ ਹੈ | ਜਿਸ ਕਾਰਨ ਇਸ ਵਾਰਡ ਦੇ ਘਰਾਂ ਦਾ ਗੰਦਾ ਪਾਣੀ ਨਿਕਾਸੀ ਨਾਲਿਆਂ ਵਿਚ ਪੈਣ ਦੀ ਬਿਜਾਏ ਸੜਕ 'ਤੇ ਨਿੱਕਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪੀ.ਡਬਲਯੂ.ਡੀ ਵਿਭਾਗ ਨੇ ਜੋ ਨੈਸ਼ਨਲ ਹਾਈਵੇ ਨੂੰ ਜੋੜਨ ਵਾਲਾ ਟੋਟਾ ਸੜਕ ਹਾਲੇ ਤੱਕ ਨਹੀਂ ਬਣਾਈ ਉਸ ਦੇ ਨਾਲ ਨਿਕਾਸੀ ਨਾਲੇ ਵੀ ਬਣਾਏ ਜਾਣੇ ਸਨ, ਪਰ ਪਿਛਲੇ 5-6 ਸਾਲ ਤੋਂ ਪੀ.ਡਬਲਯੂ.ਡੀ. ਵਿਭਾਗ ਘੇਸਲ ਮਾਰੇ ਹੋਏ ਡੰਗ ਟਪਾ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਉਕਤ ਸੜਕ ਦੇ ਟੋਟੇ ਅਤੇ ਨਿਕਾਸੀ ਨਾਲਿਆਂ ਸਬੰਧੀ ਸਬੰਧਿਤ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਨੂੰ ਵੀ ਮਿਲ ਚੱੁਕੇ ਹਨ, ਪਰ ਮਸਲਾ ਜਿਉਂ ਦਾ ਤਿਊਾ ਹੈ | ਲਛਮਣ ਰਾਜਸਥਾਨੀ ਨੇ ਕਿਹਾ ਕਿ ਨੈਸ਼ਨਲ ਹਾਈਵੇ 'ਤੇ ਪੁਲ ਹੇਠ ਜੋ ਬੱਸ ਸਟਾਪ ਬਣਾਏ ਗਏ ਹਨ, ਉਨ੍ਹਾਂ ਲਈ ਸੜਕ ਨਿਰਮਾਣ ਕੰਪਨੀ ਨੇ ਕੋਈ ਵੱਖਰੀ ਥਾਂ ਨਹੀਂ ਛੱਡੀ | ਜਿਸ ਲਈ ਸੜਕ 'ਤੇ ਸਵਾਰੀਆਂ ਉਤਾਰਨ ਸਮੇਂ ਜਾਮ ਲੱਗ ਜਾਂਦਾ ਹੈ | ਗੰਦੇ ਪਾਣੀ ਦੇ ਨਿਕਾਸ ਦਾ ਮਸਲਾ ਪੱਖੋ ਕੈਂਚੀਆਂ ਤੇ ਬੇਹੱਦ ਮਾੜਾ ਹੋ ਰਿਹਾ ਹੈ | ਨੇੜਿਓ ਲੰਘਦੀ ਲਸਾੜਾ ਡਰੇਨ ਵਿਚ ਵੀ ਨਿਕਾਸੀ ਨਾਲੇ ਪਾਏ ਗਏ ਹਨ, ਪਰ ਪੂਰਾ ਤਰ੍ਹਾਂ ਗੰਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ | ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਸ਼ਕਲ ਨਾਲ ਬਣੀਆਂ ਸੜਕਾਂ ਗੰਦੇ ਪਾਣੀ ਖੜਨ ਕਾਰਨ ਟੱੁਟ ਰਹੀਆਂ ਹਨ | ਜਿਨ੍ਹਾਂ ਨੂੰ ਬਚਾਉਣ ਲਈ ਗੰਦੇ ਪਾਣੀ ਦੇ ਨਿਕਾਸ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ |