ਮਹਿਲ ਕਲਾਂ, 29 ਦਸੰਬਰ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ (ਬਰਨਾਲਾ) ਦੇ ਇਕ ਨੌਜਵਾਨ ਦੀ ਕੈਨੇਡਾ 'ਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ | ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਬਲਤੇਜ ਸਿੰਘ (24) ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਛੀਨੀਵਾਲ ਕਲਾਂ ਜੋ ਕੈਨੇਡਾ ਦੇ ਸਰੀ ਇਲਾਕੇ 'ਚ ਰਹਿ ਰਿਹਾ ਹੈ, ਜਿੱਥੇ ਉਸ ਦੀ ਅਚਾਨਕ ਬੀਤੇ ਦਿਨੀਂ ਮੌਤ ਹੋ ਗਈ | ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ | ਜਿੰਨਾ ਨੇ ਸੁਨਹਿਰੇ ਦਿਨਾਂ ਦੀ ਆਸ ਨਾਲ ਬਲਤੇਜ ਨੂੰ ਲੱਖਾਂ ਰੁਪਏ ਕਰਜ਼ਾ ਚੁੱਕ ਕੇ 2023 'ਚ ਕੈਨੇਡਾ ਭੇਜਿਆ ਸੀ | ਪਰ ਅਚਾਨਕ ਵਾਪਰੀ ਇਸ ਘਟਨਾ ਨੇ ਉਨ੍ਹਾਂ ਦੀਆਂ ਆਸਾਂ ਉਮੀਦਾਂ ਉੱਪਰ ਪਾਣੀ ਫੇਰ ਦਿੱਤਾ ਹੈ | ਮਿ੍ਤਕ ਨੌਜਵਾਨ ਦੇ ਪਿਤਾ ਜਗਤਾਰ ਸਿੰਘ ਮਾਤਾ ਪਰਮਿੰਦਰ ਕੌਰ ਨੇ ਆਪਣੇ ਗ੍ਰਹਿ ਵਿਖੇ ਭਰੇ ਮਨ ਨਾਲ ਦੱਸਿਆ ਕਿ ਲੰਘੀ 26 ਦਸੰਬਰ ਨੂੰ ਉਸ ਦੇ ਨਾਲ ਕੈਨੇਡਾ ਰਹਿੰਦੇ ਦੋਸਤਾਂ ਨੇ ਫ਼ੋਨ ਰਾਹੀਂ ਸਾਨੂੰ ਦੱਸਿਆ ਕਿ ਰਾਤ ਨੂੰ ਗੱਲਬਾਤ ਕਰ ਕੇ ਖਾਣਾ ਖਾ ਕੇ ਸੁੱਤੇ ਬਲਤੇਜ ਨੂੰ ਸਵੇਰੇ ਬੈਡ ਤੋਂ ਉੱਠਣ ਲਈ ਆਵਾਜ਼ਾਂ ਦਿੱਤੀਆਂ, ਤਾਂ ਉਹ ਨਾ ਉੱਠਿਆ | ਮਾਪਿਆਂ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਸਬੰਧੀ ਅਜੇ ਕੁੱਝ ਨਹੀਂ ਦੱਸਿਆ ਜਾ ਸਕਦਾ | ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆਵੇਗੀ | ਪੀੜਤ ਮਾਪਿਆਂ ਨੇ ਭਰੇ ਮਨ ਨਾਲ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਇਲਾਵਾ ਸਮੂਹ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਨੌਜਵਾਨ ਬਲਤੇਜ ਸਿੰਘ ਦੀ ਲਾਸ਼ ਘਰ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ |