ਪੰਜਗਰਾਈਾ ਕਲਾਂ, 22 ਸਤੰਬਰ (ਕੁਲਦੀਪ ਸਿੰਘ ਗੋਂਦਾਰਾ)-ਪੰਜਾਬ ਦੇ ਹਰੇਕ ਪਿੰਡਾਂ 'ਚ ਸ਼ਾਮਲਾਟ ਥਾਵਾਂ ਵੱਡੀ ਗਿਣਤੀ ਵਿਚ ਪਈਆਂ ਹਨ | ਪੰਜਾਬ ਵਿਚ ਜਦੋਂ ਵੀ ਨਵੇਂ ਪਿੰਡ ਆਬਾਦ ਹੋਏ ਉਦੋਂ ਹਰੇਕ ਪਿੰਡ ਵਿਚ ਨਵੇਂ ਖੂਹ ਪਾਣੀ ਪੀਣ ਵਾਸਤੇ ਲਗਾਏ ਜਾਂਦੇ ਸਨ | ਹਰੇਕ ਪਿੰਡ 'ਚ ਖੂਹਾਂ ਦੇ ਚਾਰ ਚੁਫ਼ੇਰੇ ਜਗ੍ਹਾ ਛੱਡੀ ਜਾਂਦੀ ਸੀ | ਇਹ ਜਗ੍ਹਾ ਤਕਰੀਬਨ ਦੋ ਤੋਂ ਚਾਰ ਕਨਾਲਾਂ ਦੇ ਲਗਪਗ ਹੁੰਦੀ ਸੀ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਖੂਹਾਂ ਤੋਂ ਬਾਅਦ ਨਲਕੇ ਲੱਗਣੇ ਸ਼ੁਰੂ ਹੋ ਗਏ | ਕੁਝ ਪਿੰਡਾਂ ਦੇ ਲੋਕਾਂ ਨੇ ਖੂਹਾਂ ਲਈ ਛੱਡੀ ਜਗ੍ਹਾ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਤੇ ਕਈ ਥਾਵਾਂ 'ਤੇ ਕੂੜਾ ਕਰਕਟ ਸੁੱਟ ਕੇ ਰੂੜੀਆਂ ਲਗਾ ਦਿੱਤੀਆ ਤੇ ਕਈਆਂ ਨੇ ਜਿਹੜੇ ਆਪਣੇ ਘਰ ਦੇ ਨਾਲ ਲੱਗਦੀਆਂ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕਰ ਲਿਆ | ਇਨ੍ਹਾਂ ਰੁੱਕੀਆਂ ਥਾਵਾਂ ਨੂੰ ਸਰਕਾਰ ਵਲੋਂ ਸ਼ਾਮਲਾਟ ਦਾ ਨਾਮ ਦਿੱਤਾ ਗਿਆ ਹੈ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਨ੍ਹਾਂ ਸ਼ਾਮਲਾਟਾਂ ਨੂੰ ਪੰਚਾਇਤਾਂ ਅਧੀਨ ਕਰ ਦਿੱਤੀਆ ਗਈਆਂ ਹਨ ਜਿਵੇਂ ਪੰਜਗਰਾਈਾ ਕਲਾਂ ਖੇਤਰ ਵਿਚ ਵੱਡੀ ਗਿਣਤੀ ਵਿਚ ਸ਼ਾਮਲਾਟ ਥਾਵਾਂ ਪਈਆਂ ਹਨ ਜਿਵੇਂ ਕੇਵਲ ਪੱਤੀ ਨਿਰਮਲੇ ਡੇਰੇ ਕੋਲ ਪੁਰਾਣਾ ਖੂਹ ਸੀ ਜਿਸ ਉੱਪਰ ਨਗਰ ਨਿਵਾਸੀਆਂ ਨੇ ਰਲਕੇ ਬਹੁਤ ਵਧੀਆ ਧਰਮਸ਼ਾਲਾ ਬਣਾਈ ਹੈ ਜਿੱਥੇ ਖੂਹ ਦੇ ਉੱਪਰ ਬਣਾਏ ਸੈੱਡ 'ਚ ਨੌਜਵਾਨ ਬਜ਼ੁਰਗ ਰਲ ਕੇ ਸਵੇਰੇ ਸ਼ਾਮ ਬੈਠਦੇ ਹਨ | ਸਰਪੰਚ ਕੇਵਲ ਸਿੰਘ ਦੇ ਮੁਤਾਬਿਕ ਜਿੱਥੇ ਬਾਬਾ ਜੀਵਨ ਸਿੰਘ ਨਗਰ ਬਣਿਆ ਹੈ ਉਹ ਪਿੰਡ ਦੀ ਪੰਚਾਇਤੀ ਜਗ੍ਹਾ 'ਤੇ ਵਸਿਆ ਹੈ | ਇਸੇ ਤਰ੍ਹਾਂ ਹੀ ਕੁਝ ਸ਼ਾਮਲਾਟ ਜਗ੍ਹਾ ਪਿੰਡ ਵਿਚ ਜਿਹੜੀ ਲੋਕਾਂ ਵਲੋਂ ਰੋਕੀ ਗਈ ਹੈ ਪੰਚਾਇਤ ਉਸਨੂੰ ਲੋਕਾਂ ਕੋਲੋਂ ਛੁਡਵਾ ਕੇ ਪਾਰਕ ਆਦਿ ਬਣਾਉਣ ਬਾਰੇ ਸੋਚ ਰਹੀ ਹੈ | ਇਸੇ ਤਰ੍ਹਾਂ ਪਿੰਡ ਔਲਖ ਵਿਚ ਖੇਤਾਂ ਨੂੰ ਜਾਂਦੇ ਰਾਹ 'ਤੇ ਸ਼ਾਮਲਾਟ ਦੀ ਚਾਰ ਕਨਾਲਾਂ ਜ਼ਮੀਨ ਪਿਛਲੀਆਂ ਪੰਚਾਇਤਾਂ ਨੇ ਰੂੜੀਆਂ ਲਾਉਣ ਲਈ ਦਿੱਤੀ ਸੀ ਮਾਲਕੀ ਨਾ ਹੋਣ ਕਰਕੇ ਲੋਕਾਂ ਦੀਆਂ ਰੂੜੀਆਂ ਲੰਘਦੀ ਪਹੀ ਤੱਕ ਪਹੁੰਚ ਗਈਆਂ ਤੇ ਮਸ਼ੀਨਾਂ ਟਰੈਕਟਰਾਂ ਲਈ ਜਾਣ ਵਾਲਾ ਰਸਤਾ ਤੰਗ ਹੋ ਗਿਆ | ਲੋਕਾਂ ਨੇ ਮੰਗ ਕੀਤੀ ਹੈ ਕਿ ਰੂੜੀਆਂ ਚੁਕਾਈਆਂ ਜਾਣ ਤਾਂ ਕਿ ਰਸਤਾ ਸਾਫ਼ ਹੋ ਸਕੇ | ਇਕ ਖੂਹ ਵਾਲੀ ਜਗ੍ਹਾ 'ਤੇ ਸੈੱਡ ਬਣਿਆ ਹੈ ਜਿੱਥੇ ਬੋਹੜਾਂ ਥੱਲੇ ਬੈਠ ਕੇ ਬਜ਼ੁਰਗ ਗੱਲਾਂ ਬਾਤਾਂ ਕਰਦੇ ਹਨ | ਪਿੰਡ ਘਣੀਏ ਵਾਲਾ ਦੇ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਔਲਖ ਨੂੰ ਜਾਂਦੇ ਰਾਹ 'ਤੇ ਸ਼ਾਮਲਾਟ ਦੀ 10 ਮਰਲੇ ਜਗ੍ਹਾ ਵਿਚ ਲੋਕ ਕੂੜੇ ਕਰਕਟ ਸੁੱਟਦੇ ਹਨ ਜਿੱਥੇ ਪੰਚਾਇਤ ਪਾਰਕ ਬਣਾਉਣ ਦਾ ਸੋਚ ਰਹੀ ਹੈ | ਪਿੰਡ ਜਿਉਣ ਵਾਲਾ ਵਿਖੇ ਤਿੰਨ ਖੂਹਾਂ 'ਤੇ ਸ਼ਾਮਲਾਟ ਦੀ ਜਗ੍ਹਾ ਪਈ ਹੈ | ਜਿਨ੍ਹਾਂ ਵਿਚੋਂ ਇਕ ਜਗ੍ਹਾ 'ਤੇ ਤਰਸੇਮ ਸਿੰਘ ਬਰਾੜ ਤੇ ਐਨ.ਆਰ.ਆਈ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਿਹਤ ਸੈਂਟਰ ਬਣਿਆ ਹੈ ਉੱਥੇ 15 ਮਰਲੇ ਜਗ੍ਹਾ 'ਤੇ ਨਾਜਾਇਜ ਕਬਜ਼ਾ ਹੋਇਆ ਹੈ | ਦੂਜੇ ਖੂਹ 'ਤੇ ਆਂਗਣਵਾੜੀ ਸੈਂਟਰ ਤੇ ਡਾਕਖਾਨਾ ਮਹਿੰਦਰ ਸਿੰਘ ਸਾਬਕਾ ਸਰਪੰਚ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਣਾਇਆ ਹੋਇਆ ਹੈ ਤੇ ਤੀਜੇ ਖੂਹ ਦੀ ਜਗ੍ਹਾ ਲੋਕਾਂ ਨੇ ਰੂੜੀਆਂ ਲਗਾ ਕੇ ਕੁਝ ਜਗ੍ਹਾ 'ਤੇ ਲੋਕਾਂ ਨੇ ਕਬਜ਼ਾ ਕਰ ਲਿਆ ਹੈ | ਮੌਜੂਦਾ ਸਰਪੰਚ ਬਲਦੇਵ ਸਿੰਘ ਰੋਮਾਣਾ ਨੇ ਦੱਸਿਆ ਕਿ ਪਿੰਡ ਵਿਚ ਜੋ ਸ਼ਾਮਲਾਟ ਦੀ ਜਗ੍ਹਾ 'ਤੇ ਰੂੜੀਆਂ ਜਾਂ ਕਬਜ਼ੇ ਹੋਏ ਹਨ ਪੰਚਾਇਤ ਪ੍ਰਸ਼ਾਸਨ ਦੇ ਸਹਿਯੋਗ ਨਾਲ ਛੁਡਾ ਕੇ ਪਾਰਕ ਜਿੰਮ ਬਣਾਵੇਗੀ | ਪਿੰਡ ਪੰਜਗਰਾਈਾ ਕਲਾਂ ਖੇਤਰ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਜਿਨ੍ਹਾਂ ਥਾਵਾਂ 'ਤੇ ਲੋਕਾਂ ਵਲੋਂ ਕਬਜ਼ੇ ਜਾਂ ਰੂੜੀਆਂ ਲਗਾਈਆਂ ਹਨ ਉਹ ਛੁਡਵਾ ਕੇ ਪੰਚਾਇਤਾਂ ਦੇ ਹਵਾਲੇ ਕੀਤੀਆਂ ਜਾਣ ਤਾਂ ਕਿ ਲੋਕਾਂ ਲਈ ਬੈਠਣ ਲਈ ਵਧੀਆ ਪਾਰਕ ਜਾਂ ਸਹੂਲਤਾਂ ਲਈ ਉਨ੍ਹਾਂ ਸ਼ਾਮਲਾਟਾਂ ਨੂੰ ਵਰਤਿਆ ਜਾ ਸਕੇ |